ਦੇਵਿੰਦਰ ਸਿੰਘ ਜੱਗੀ
ਪਾਇਲ, 2 ਅਕਤੂਬਰ
ਸਬ-ਡਿਵੀਜ਼ਨ ਪਾਇਲ ਦੇ ਦੋ ਬਲਾਕ ਮਲੌਦ ਤੇ ਦੋਰਾਹਾ ਦੇ ਆਰਓ ਵੱਲੋਂ ਪੰਚਾਇਤੀ ਚੋਣਾਂ ਲੜਨ ਦੇ ਇਛੁੱਕ ਉਮੀਦਵਾਰਾਂ ਕੋਲੋਂ ਵਾਹਨਾਂ ਦੀ ਆਰਸੀ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਦਸਤਾਵੇਜ ਅਤੇ ਉਮੀਦਵਾਰ ਦੇ ਜੀਵਨ ਸਾਥੀ ਦੇ ਨਾਮ ਵਾਹਨ ਰਜਿਸਟਡ ਦਸਤਾਵੇਜ਼ ਮੰਗੇ ਜਾਣ ਕਰ ਕੇ ਉਮੀਦਵਾਰ ਉਲਝਣ ਵਿੱਚ ਫਸੇ ਹੋਏ ਹਨ। ਸਮਾਜਸੇਵੀ ਅਵਤਾਰ ਸਿੰਘ ਜਰਗੜੀ, ਨੰਬਰਦਾਰ ਨਰਿੰਦਰ ਸਿੰਘ, ਗੁਰਬਾਜ ਸਿੰਘ ਜੁਲਮਗੜ੍ਹ, ਬੰਤ ਸਿੰਘ, ਭਗਤ ਸਿੰਘ ਮਿੰਟੂ ਸਿਹੋੜਾ, ਮੇਜਰ ਸਿੰਘ, ਸੈਕਟਰੀ ਅਵਤਾਰ ਸਿੰਘ, ਜਗਦੇਵ ਸਿੰਘ ਲਸਾੜਾ ਨੇ ਕਿਹਾ ਕਿ ਮਲੌਦ ਤੇ ਦੋਰਾਹਾ ਬਲਾਕ ਦੇ ਆਰਓ ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਅਜਿਹੀਆਂ ਸ਼ਰਤਾਂ ਵਾਲੇ ਪਰਫਾਰਮੇ ਦੇ ਰਹੇ ਹਨ ਜਿਨ੍ਹਾਂ ’ਤੇ ਕਿਸੇ ਵੀ ਅਧਿਕਾਰੀ ਦੇ ਹਸਤਾਖਰ ਨਹੀਂ ਹਨ ਅਤੇ ਨਾ ਕੋਈ ਜਾਰੀਕਰਤਾ ਦਰਸਾਇਆ ਗਿਆ ਹੈ। ਪਰਫਾਰਮੇ ਵਿੱਚ ਅਜਿਹੇ ਕਈ ਪੁਆਇੰਟ ਲਿਖੇ ਗਏ ਹਨ, ਜਿਨ੍ਹਾਂ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਕਿਸੇ ਹੋਰ ਹਲਕੇ ਅੰਦਰ ਉਮੀਦਵਾਰਾਂ ਨੂੰ ਦਿੱਤੇ ਜਾ ਰਹੇ ਪਰਫਾਰਮੇ ਉੱਤੇ ਉਕਤ ਮੰਗੇ ਗਏ ਦਸਤਾਵਜ਼ਾਂ ਦਾ ਕੋਈ ਜ਼ਿਕਰ ਮਿਲ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਇਹ ਮਾਮਲਾ ਏਡੀਸੀ ਲੁਧਿਆਣਾ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ।
ਕੀ ਕਹਿਣਾ ਹੈ ਐੱਸਡੀਐੱਮ ਦਾ
ਐੱਸਡੀਐੱਮ ਪਾਇਲ ਪ੍ਰਦੀਪ ਸਿੰਘ ਬੈਂਸ ਨਾਲ ਜਦੋਂ ਇਸ ਸਬੰਧ ਵਿੱਚ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਉਮੀਦਵਾਰ ਤੋਂ ਲੋੜੀਂਦੇ ਕਾਗਜ਼ਾਤ ਲਏ ਜਾ ਰਹੇ ਹਨ, ਵਾਧੂ ਕੋਈ ਵੀ ਦਸਤਾਵੇਜ਼ ਨਹੀਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਕੋਈ ਦਿੱਕਤ ਆ ਰਹੀ ਹੈ ਤਾਂ ਉਹ ਵੀ ਹੱਲ ਕੀਤੀ ਜਾਵੇਗੀ।