ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 29 ਜੁਲਾਈ
ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਜਾਤੀਵਾਲ ਦੇ ਵਾਸੀ ਰਾਜਿੰਦਰ ਸਿੰਘ ਵੱਲੋਂ ਪੰਚਾਇਤ ਵਿਭਾਗ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੋਸ਼ ਲਗਾਏ ਕਿ ਇੱਕ ਵਿਅਕਤੀ ਨੇ ਪਿੰਡ ਦੀ ਫਿਰਨੀ ਵਿਚ ਲੱਗੇ ਪੰਚਾਇਤੀ ਦਰੱਖਤਾਂ ਨੂੰ ਕੱਟ ਕੇ ਉਨ੍ਹਾਂ ਨੂੰ ਖੁਰਦ-ਬੁਰਦ ਕਰ ਦਿੱਤਾ ਹੈ। ਰਾਜਿੰਦਰ ਸਿੰਘ ਵੱਲੋਂ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪਿੰਡ ਦੀ ਫਿਰਨੀ ਦੀ ਪੰਚਾਇਤੀ ਥਾਂ ’ਤੇ ਕਰੀਬ 6 ਦਰੱਖਤਾਂ ਨੂੰ ਪਿੰਡ ਦੇ ਇੱਕ ਵਿਅਕਤੀ ਵੱਲੋਂ ਕੱਟ ਕੇ ਵੇਚ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਮੁਕੰਮਲ ਰੋਕ ਹੈ ਕਿ ਪੰਚਾਇਤੀ ਜਗ੍ਹਾ ’ਤੇ ਲੱਗੇ ਦਰੱਖਤ ਨਾ ਵੇਚੇ ਜਾ ਸਕਦੇ ਹਨ ਅਤੇ ਨਾ ਹੀ ਕੱਟੇ ਜਾ ਸਕਦੇ ਹਨ। ਸ਼ਿਕਾਇਤਕਰਤਾ ਰਾਜਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਪਿੰਡ ਦੀ ਪੰਚਾਇਤੀ ਜ਼ਮੀਨ ਵਿਚ ਲੱਗੇ ਦਰੱਖਤ ਕੱਟਣ ਸਬੰਧੀ ਸ਼ਿਕਾਇਤ ਪੰਚਾਇਤ ਵਿਭਾਗ ਨੂੰ ਦਰਜ ਕਰਵਾ ਕੇ ਆਇਆ ਹੈ ਅਤੇ ਮੰਗ ਕਰਦਾ ਹੈ ਕਿ ਜਿਸ ਨੇ ਵੀ ਇਹ ਦਰੱਖਤ ਵੱਢੇ ਹਨ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਪਿੰਡ ਜਾਤੀਵਾਲ ਦੇ ਪੰਚਾਇਤ ਸਕੱਤਰ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੀ ਫਿਰਨੀ ਤੋਂ ਦਰੱਖਤ ਕੱਟਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਸ਼ਿਕਾਇਤ ਮਿਲਣ ’ਤੇ ਤੁਰੰਤ ਮੌਕਾ ਦੇਖਣਗੇ। ਜਿਸ ਨੇ ਵੀ ਦਰੱਖਤ ਵੱਢੇ ਹੋਣਗੇ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।