ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਸਤੰਬਰ
ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਚਾਰ ਔਰਤਾਂ ਸਮੇਤ ਦਸ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ਉਪਰ ਪੁਲੀਸ ਮੁਲਾਜ਼ਮ ਦੀ ਵਰਦੀ ਪਾੜ ਕੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦਾ ਦੋਸ਼ ਹੈ। ਇਸ ਸਬੰਧੀ ਪੁਲੀਸ ਮੁਲਾਜ਼ਮ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਬਤੌਰ ਤਫਤੀਸ਼ੀ ਥਾਣਾ ਡਾਬਾ ਵਿੱਚ ਤਾਇਨਾਤ ਹੈ। ਸੋਨੂੰ ਬਹਿਨਵਾਲ ਮੁਕੱਦਮਾ ਨੰਬਰ 27 ਥਾਣਾ ਡਾਬਾ ਵਿੱਚ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਸਮੇਤ ਸੋਹਣ ਦਾਸ ਨਾਲ ਪੁਲੀਸ ਕਮਿਸ਼ਨਰ ਦਫ਼ਤਰ ਬਾਹਰ ਆਇਆ ਸੀ ਤਾਂ ਉਸਨੂੰ ਸੋਨੂੰ ਬਹਿਨਵਾਲ ਮੇਨ ਰੋਡ ’ਤੇ ਮਿਲ ਗਿਆ। ਉਸਨੂੰ ਮੁਕੱਦਮੇ ਵਿੱਚ ਪ੍ਰਵਾਨਾ ਤਾਮੀਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਤੈਸ਼ ਵਿੱਚ ਆ ਆਪਣੇ ਸਾਥੀਆਂ ਸਮੇਤ ਉਸਦੇ ਗਲ ਪੈ ਗਿਆ ਤੇ ਵਰਦੀ ਪਾੜ ਕੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਪੁਲੀਸ ਵੱਲੋਂ ਸੋਨੂੰ ਬਹਿਨਵਾਲ ਤੋਂ ਇਲਾਵਾ 4-5 ਅਣਪਛਾਤੇ ਵਿਅਕਤੀਆਂ ਅਤੇ 3-4 ਔਰਤਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।