ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਮਈ
ਇੱਥੇ ਦੇ ਪ੍ਰੇਮ ਨਗਰ ਇਲਾਕੇ ’ਚ ਰਹਿਣ ਵਾਲੇ ਨਾਬਾਲਿਗ ਦਸਵੀਂ ਦੇ ਵਿਦਿਆਰਥੀ ਅਮਨਦੀਪ ਸਿੰਘ ਦੇ ਕਤਲ ਦੇ ਮਾਮਲੇ ’ਚ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਹਵਾਲਾਤ ਦੀ ਗਰਿੱਲ ਤੋੜ ਕੇ ਫ਼ਰਾਰ ਹੋ ਗਿਆ। ਜਦੋਂ ਕਿ 2 ਮੁਲਜ਼ਮ ਗਰਿੱਲ ’ਚੋਂ ਨਿਕਲ ਨਹੀਂ ਸਕੇ, ਜਿਸ ਕਾਰਨ ਉਹ ਫ਼ਰਾਰ ਨਹੀਂ ਹੋ ਸਕੇ। ਜਦੋਂ ਰਾਤ ਦੀ ਡਿਊਟੀ ’ਤੇ ਤਾਇਨਾਤ ਮੁਨਸ਼ੀ ਤੇ ਗਾਰਡ ਨੀਂਦ ’ਚੋਂ ਉਠੇ ਤਾਂ ਪੁਲੀਸ ਨੂੰ ਭਾਜੜਾਂ ਪੈ ਗਈਆਂ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਮੌਕੇ ’ਤੇ ਪੁੱਜੇ। ਵੀਰਵਾਰ ਨੂੰ ਥਾਣਾ ਡਾਬਾ ਦੀ ਪੁਲੀਸ ਆਪਣੀ ਪਿੱਠ ਥਪਥਪਾ ਰਹੀ ਸੀ ਕਿ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ, ਪਰ ਸਾਰੀ ਮਿਹਨਤ ’ਤੇ ਪਾਣੀ ਫਿਰ ਗਿਆ। ਜਦੋਂ ਤੱਕ ਪੁਲੀਸ ਮੁਲਾਜ਼ਮ ਕੁਝ ਕਰ ਪਾਉਂਦੇ, ਮੁਲਜ਼ਮ ਫ਼ਰਾਰ ਹੋ ਚੁੱਕਿਆ ਸੀ। ਮੁਲਜ਼ਮ ਦੀ ਪਛਾਣ ਗਰੋਹ ਦੇ ਸਰਗਣੇ ਗੁਰਮੇਲ ਨਗਰ ਵਾਸੀ ਹਰਵਿੰਦਰ ਸਿੰਘ ਉਰਫ਼ ਲਾਲੀ ਵਜੋਂ ਹੋਈ ਹੈ। ਪੁਲੀਸ ਬਾਕੀ 2 ਮੁਲਜ਼ਮਾਂ ਤੋਂ ਪੁੱਛਗਿਛ ਕਰ ਕੇ ਲਾਲੀ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਪੁਲੀਸ ਨੇ ਮੁਨਸ਼ੀ ਰੋਸ਼ਨ ਪ੍ਰੀਤ ਅਤੇ ਸੰਤਰੀ ਬੁਧੀਰਾਜ ਖਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਨਦੀਪ ਸਿੰਘ ਆਪਣੇ ਦੋਸਤ ਨਾਲ 28 ਅਪਰੈਲ ਨੂੰ ਸੈਰ ਤੋਂ ਵਾਪਸ ਆ ਰਿਹਾ ਸੀ। ਇਸੇ ਦੌਰਾਨ ਮੁਲਜ਼ਮਾਂ ਨੇ ਉਸ ਦਾ ਕਤਲ ਕਰ ਦਿੱਤਾ। ਪੁਲੀਸ ਨੇ ਜਾਂਚ ਤੋਂ ਬਾਅਦ ਇਸ ਮਾਮਲੇ ’ਚ ਹਰਵਿੰਦਰ ਸਿੰਘ ਲਾਲੀ, ਉਸਦੇ ਸਾਥੀ ਗੁਰਮੀਤ ਸਿੰਘ ਉਰਫ਼ ਗਗਨ ਤੇ ਤੇਜਰਾਮ ਉਰਫ਼ ਚਿੰਟੂ ਨੂੰ ਕਾਬੂ ਕਰ ਲਿਆ ਸੀ। ਤਿੰਨੇ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈਣ ਤੋਂ ਬਾਅਦ ਥਾਣੇ ’ਚ ਹਵਾਲਾਤ ਅੰਦਰ ਰੱਖਿਆ ਗਿਆ ਸੀ। ਦੇਰ ਰਾਤ ਨੂੰ ਅਧਿਕਾਰੀ ਪੁੱਛਗਿਛ ਕਰ ਚਲੇ ਗਏ। ਇਸ ਦੌਰਾਨ ਲਾਲੀ ਨੇ ਪਿੱਛੇ ਲੱਗੀ ਗਰਿੱਲ ਦੇ ਸਰੀਏ ਨੂੰ ਉਖਾੜ ਦਿੱਤਾ ਤੇ ਫ਼ਰਾਰ ਹੋ ਗਿਆ।