ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 21 ਮਾਰਚ
ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਪੱਕੇ ਵਸਨੀਕ ਪਿੰਡ ਲਲਤੋਂ ਕਲਾਂ ਦੇ ਵਾਸੀ ਦਲਜੀਤ ਸਿੰਘ ਦੀ ਸ਼ਿਕਾਇਤ ਉੱਪਰ ਕਾਰਵਾਈ ਕਰਦਿਆਂ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪੁਲੀਸ ਦੇ ਸੀਆਈਏ ਸਟਾਫ਼ ਵਿੱਚ ਤਾਇਨਾਤ ਸਬ-ਇੰਸਪੈਕਟਰ ਜਨਕ ਰਾਜ ਅਤੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ ਦੇ ਖ਼ਿਲਾਫ਼ ਸਾਜ਼ਿਸ਼ ਰਚ ਕੇ ਪਲਾਟ ਉੱਤੇ ਨਾਜਾਇਜ਼ ਕਬਜ਼ਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀ ਦੇਣ ਦੇ ਦੋਸ਼ ਹੇਠ ਥਾਣਾ ਦਾਖਾ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਪਰਵਾਸੀ ਭਾਰਤੀ ਦਲਜੀਤ ਸਿੰਘ ਨੇ 16 ਫਰਵਰੀ ਨੂੰ ਜ਼ਿਲ੍ਹਾ ਪੁਲੀਸ ਮੁਖੀ ਲੁਧਿਆਣਾ (ਦਿਹਾਤੀ) ਕੇਤਨ ਪਾਟਿਲ ਬਲੀਰਾਮ ਨੂੰ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ ਸੀ। ਹਾਲਾਂਕਿ ਥਾਣੇਦਾਰ ਜਨਕ ਰਾਜ ਅਤੇ ਸਾਬਕਾ ਪ੍ਰਧਾਨ ਜਨਕ ਰਾਜ ਨੇ ਜਾਂਚ ਦੌਰਾਨ ਖ਼ੁਦ ਨੂੰ ਨਿਰਦੋਸ਼ ਦੱਸਿਆ ਸੀ, ਪਰ ਉਪ ਪੁਲਿਸ ਕਪਤਾਨ ਦਾਖਾ ਜਤਿੰਦਰਜੀਤ ਸਿੰਘ ਨੇ ਪੜਤਾਲ ਦੌਰਾਨ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ।
ਉਪ ਪੁਲੀਸ ਕਪਤਾਨ ਦਾਖਾ ਜਤਿੰਦਰਜੀਤ ਸਿੰਘ ਵੱਲੋਂ ਦੋਸ਼ਾਂ ਦੀ ਪੁਸ਼ਟੀ ਬਾਅਦ ਰਿਪੋਰਟ ਦੀ ਐੱਸ.ਪੀ ਅਪ੍ਰੇਸ਼ਨ ਗੁਰਮੀਤ ਕੌਰ ਵੱਲੋਂ ਵੀ ਘੋਖ ਕਰਨ ਤੋਂ ਬਾਅਦ ਮੋਹਰ ਲਾਈ ਗਈ ਹੈ, ਜਿਸ ਦੇ ਅਧਾਰ ’ਤੇ ਪੁਲੀਸ ਮੁਖੀ ਕੇਤਨ ਪਾਟਿਲ ਬਲੀਰਾਮ ਦੇ ਹੁਕਮਾਂ ਉੱਪਰ ਅੱਜ ਕੇਸ ਦਰਜ ਕੀਤਾ ਹੈ।
ਦਲਜੀਤ ਸਿੰਘ ਨੇ ਦੋਸ਼ ਲਾਇਆ ਕਿ ਪ੍ਰੇਮ ਇੰਦਰ ਗੋਗਾ ਅਤੇ ਥਾਣੇਦਾਰ ਜਨਕ ਰਾਜ ਨੇ ਹੀ ਸਾਜ਼ਿਸ਼ ਰਚ ਕੇ ਇਹ ਕਬਜ਼ਾ ਕੀਤਾ ਹੈ। ਥਾਣਾ ਦਾਖਾ ਦੀ ਪੁਲੀਸ ਅਨੁਸਾਰ ਇਸ ਕੇਸ ਵਿੱਚ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।