ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਕਤੂਬਰ
ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਨਗਰ ਨਿਗਮ ਜ਼ੋਨ-ਬੀ ਦੀ ਟੀਮ ਨੇ ਦੁਕਾਨਾਂ, ਲੇਬਰ ਕੁਆਰਟਰਾਂ ਸਣੇ 16 ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ। ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ ਹੈ, ਜਿਨ੍ਹਾਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਅਚਨਚੇਤ ਨਿਰੀਖਣ ਕੀਤਾ ਸੀ। ਨਗਰ ਨਿਗਮ ਕਮਿਸ਼ਨਰ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਖੁਦ ਦੌਰਾ ਕੀਤਾ ਸੀ ਤੇ ਲਿਸਟ ਬਣਾਈ ਸੀ ਕਿ ਕਿੱਥੇ-ਕਿੱਥੇ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ ਜਿਸ ਤੋਂ ਬਾਅਦ ਬਿਲਡਿੰਗ ਬਰਾਂਚ ਦੇ ਅਫ਼ਸਰਾਂ ਦੀ ਕਲਾਸ ਲੱਗੀ ਸੀ।
ਨਿਗਮ ਕਮਿਸ਼ਨਰ ਦੀ ਕਲਾਸ ਤੋਂ ਬਾਅਦ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੀ ਟੀਮ ਨੇ ਕਾਰਵਾਈ ਕੀਤੀ ਹੈ। ਕੁੱਲ 16 ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਟਾਊਨ ਪਲਾਨਰ (ਏਟੀਪੀ ਜ਼ੋਨ ਬੀ) ਦਵਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਨਗਰ ਅਤੇ ਬਾਬਾ ਦੀਪ ਸਿੰਘ ਨਗਰ ਵਿੱਚ ਸੱਤ ਨਾਜਾਇਜ਼ ਦੁਕਾਨਾਂ ਨੂੰ ਢਾਹਿਆ ਗਿਆ ਹੈ। ਇਸ ਤੋਂ ਇਲਾਵਾ ਭਗਤ ਸਿੰਘ ਨਗਰ ਇਲਾਕੇ ਵਿੱਚ ਇੱਕ ਲੇਬਰ ਕੁਆਰਟਰਾਂ ਦੀ ਇਮਾਰਤ ਨੂੰ ਢਾਹ ਦਿੱਤਾ ਗਿਆ। ਇਸ ਤੋਂ ਇਲਾਵਾ ਰਣਜੀਤ ਸਿੰਘ ਨਗਰ ਵਿੱਚ ਛੇ ਨਾਜਾਇਜ਼ ਦੁਕਾਨਾਂ ਅਤੇ ਦੋ ਨਾਜਾਇਜ਼ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ।
ਇਸ ਸਬੰਧੀ ਏਟੀਪੀ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਨਾਜਾਇਜ਼ ਉਸਾਰੀਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾ ਕੇ ਹੀ ਉਸਾਰੀ ਦਾ ਕੰਮ ਸ਼ੁਰੂ ਕਰਨ, ਨਹੀਂ ਤਾਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਾਕੀ ਜ਼ੋਨਾਂ ਵਿੱਚ ਵੀ ਹੋਵੇਗੀ ਕਾਰਵਾਈ
ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ ਵਿੱਚ ਬਿਲਡਿੰਗ ਬਰਾਂਚ ਦੀ ਟੀਮ ਨਗਰ ਨਿਗਮ ਏ ਜ਼ੋਨ, ਸੀ ਜ਼ੋਨ ਤੇ ਡੀ ਜ਼ੋਨ ਵਿੱਚ ਵੀ ਕਾਰਵਾਈ ਹੋਵੇਗੀ। ਇਨ੍ਹਾਂ ਇਲਾਕਿਆਂ ਵਿੱਚ ਵੀ ਨਗਰ ਨਿਗਮ ਕਮਿਸ਼ਨਰ ਨੇ ਆਪਣੇ ਤੌਰ ’ਤੇ ਨਾਜਾਇਜ਼ ਬਿਲਡਿੰਗਾਂ ਦੀ ਲਿਸਟ ਤਿਆਰ ਕੀਤੀ ਸੀ ਜਿਸ ਤੋਂ ਬਾਅਦ ਹੁਣ ਲੱਗ ਰਿਹਾ ਹੈ ਕਿ ਬੀ ਜ਼ੋਨ ਤੋਂ ਬਾਅਦ ਹੁਣ ਬਾਕੀ ਜ਼ੋਨਾਂ ਵਿੱਚ ਲਗਾਤਾਰ ਦੀਵਾਲੀ ਤੱਕ ਨਾਜਾਇਜ਼ ਬਿਲਡਿੰਗਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।