ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਅਗਸਤ
ਜਬਰ ਵਿਰੋਧੀ ਤਾਲਮੇਲ ਕਮੇਟੀ ਦੇ ਆਗੂ ਸਾਬਕਾ ਵਿਧਾਇਕ ਤਰਸੇਮ ਜੋਧਾਂ ਅਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਅੱਜ ਇਥੇ ਜ਼ਿਲ੍ਹਾ ਪੁਲੀਸ ਮੁਖੀ ਲੁਧਿਆਣਾ ਦਿਹਾਤੀ ਹਰਜੀਤ ਸਿੰਘ ਨਾਲ ਮੁਲਾਕਾਤ ਕੀਤੀ।
ਵਫ਼ਦ ਨੇ ਲੰਘੀ ਦਸ ਜੂਨ ਨੂੰ ਕਾਮਰੇਡ ਜੋਧਾਂ ਦੇ ਫਾਰਮ ਹਾਊਸ ਤੋਂ ਚੋਰੀ ਹੋਈਆਂ ਮੱਝਾਂ ਸਬੰਧੀ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਕਰਨ ਦੀ ਮੰਗ ਕੀਤੀ। ਇਸੇ ਤਰ੍ਹਾਂ ਵਫ਼ਦ ਨੇ ਬੀਤੇ ਦਿਨੀਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਮੋਰਕਰੀਮਾ ਵਿੱਚ ਕੀਤੀ ਜਾ ਰਹੀ ਜਨਤਕ ਰੈਲੀ ਦਰਮਿਆਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗੁੰਡਾਗਰਦੀ ਸਬੰਧੀ ਦਿੱਤੀ ਸ਼ਿਕਾਇਤ ’ਤੇ ਵੀ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਮੰਗੀ ਹੈ। ਕਾਮਰੇਡ ਜੋਧਾਂ ਅਤੇ ਲਲਤੋਂ ਨੇ ਕਿਹਾ ਪੰਜਾਬ ’ਚ ਮੱਝਾਂ ਚੋਰੀ ਕਰਨ ਵਾਲਾ ਵੱਡਾ ਗਰੋਹ ਸਰਗਰਮ ਹੈ, ਪਰ ਪੁਲੀਸ ਮੁਸਤੈਦ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੁਧਿਆਣਾ ਦਿਹਾਤੀ ਖੇਤਰ ’ਚ ਮੱਝਾਂ ਚੋਰੀ ਦੇ ਕਈ ਮਾਮਲੇ ਦਰਜ ਹੋ ਚੁੱਕੇ ਹਨ। ਆਗੂਆਂ ਮੁਤਾਬਕ ਜ਼ਿਲ੍ਹਾ ਪੁਲੀਸ ਮੁਖੀ ਨੇ ਸ਼ਰਾਰਤੀ ਅਨਸਰਾਂ ਅਤੇ ਲੁਟੇਰਿਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਵਫ਼ਦ ਵਿੱਚ ਸਰਪੰਚ ਕੁਲਦੀਪ ਕੌਰ ਸੋਹੀਆਂ, ਮਨਦੀਪ ਕੌਰ ਸੋਹੀਆਂ, ਪ੍ਰਕਾਸ਼ ਸਿੰਘ ਹਿੱਸੋਵਾਲ, ਚਰਨਜੀਤ ਸਿੰਘ ਹਿੰਮਤਪੁਰਾ, ਅਮਰਜੀਤ ਸਿੰਘ, ਸ਼ਮਿੰਦਰ ਸਿੰਘ ਲੌਂਗੋਵਾਲ, ਗੁਰਬਖਸ਼ ਸਿੰਘ ਸਨੇਤ, ਡਾਕਟਰ ਗੁਰਮੇਲ ਸਿੰਘ ਕੁਲਾਰ, ਜਗਮੋਹਨ ਸਿੰਘ ਸਵੱਦੀ, ਸ਼ਿੰਦਰ ਸਿੰਘ, ਸੁਰਜੀਤ ਸਿੰਘ, ਜਸਵੰਤ ਸਿੰਘ ਅਵਤਾਰ ਸਿੰਘ, ਹਰਦੇਵ ਸਿੰਘ ਆਦਿ ਹਾਜ਼ਰ ਸਨ।