ਰਾਮ ਗੋਪਾਲ ਰਾਏਕੋਟੀ
ਰਾਏਕੋਟ, 24 ਸਤੰਬਰ
ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ 27 ਸਤੰਬਰ ਭਾਰਤ ਬੰਦ ਨੂੰ ਲੈ ਕੇ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਦੀਵਾਨ ਹਾਲ ਵਿੱਚ ਬਲਾਕ ਪ੍ਰਧਾਨ ਰਣਧੀਰ ਸਿੰਘ ਉੱਪਲ (ਬੱਸੀਆਂ) ਦੀ ਅਗਵਾਈ ਹੇਠ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ,ਕਾਦੀਆਂ, ਰਾਜੇਵਾਲ, ਲੱਖੋਵਾਲ ਜੱਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਇਸ ਮੌਕੇ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੇ ਸਮੂਹ ਕਾਰੋਬਾਰੀ, ਦੁਕਾਨਦਾਰਾਂ, ਮਜਦੂਰਾਂ, ਮੁਲਾਜ਼ਮਾਂ ਤੇ ਕਿਰਤੀ ਕਿਸਾਨਾਂ ਨੂੰ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਆਪਣੀਆਂ ਦੁਕਾਨਾਂ, ਕਾਰੋਬਾਰ ਬੰਦ ਰੱਖਣ ਤੇ ਪਿੰਡਾਂ ਵਿੱਚੋਂ ਸ਼ਹਿਰਾਂ ਨੂੰ ਦੁੱਧ ਤੇ ਚਾਰਾ ਨਾ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੰਦ ਦੇ ਸੱਦੇ ਦੌਰਾਨ ਸ਼ਹਿਰ ਦੇ ਬਰਨਾਲਾ ਚੌਕ ਨੂੰ 9 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਮੁਕੰਮਲ ਬੰਦ ਰੱਖਿਆ ਜਾਵੇਗਾ।
ਹਰ ਵਰਗ ਨੂੰ ਬੰਦ ਵਿੱਚ ਸ਼ਾਮਲ ਹੋਣ ਦੀ ਅਪੀਲ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 27 ਸਤੰਬਰ ਨੂੰ ਦਿੱਤੇ ਬੰਦ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਕੇਂਦਰ ਸਰਕਾਰ ਨੂੰ 3 ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਰਮੇ ਦੀ ਫ਼ਸਲ ਦਾ ਪੂਰਾ ਖਰਚਾ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਦੇਵੇ ਕਿਉਂਕਿ ਨਰਮੇ ਦੀ ਫ਼ਸਲ ਦੀ ਸਿਰਫ ਤੁੜਾਈ ਹੀ ਰਹਿੰਦੀ ਸੀ।