ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 5 ਅਗਸਤ
ਨਗਰ ਕੌਂਸਲ ਦੇ ਸਫ਼ਾਈ ਮਜ਼ਦੂਰ ਬਿਨਾਂ ਦਸਤਾਨਿਆਂ ਤੋਂ ਗਿੱਲਾ-ਸੁੱਕਾ ਵੱਖ ਕਰਨ ਲਈ ਮਜਬੂਰ ਹਨ। ਨਿਗਮ ਅਧਿਕਾਰੀ ਅਤੇ ਕੌਂਸਲਰ ਲੋਕਾਂ ਨੂੰ ਕੂੜੇ ਦਾ ਵਖਰੇਵਾਂ ਕਰਨ ਸਬੰਧੀ ਜਾਗਰੂਕ ਕਰਨ ਵਿੱਚ ਅਸਫ਼ਲ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਕਿਸੇ ਵੇਲੇ ਸਵੱਛਤਾ ਮਿਸ਼ਨ ਹੇਠ ਸੰਗਰੂਰ ਜ਼ੋਨ ਵਿੱਚ ਅੱਵਲ ਰਹਿਣ ਵਾਲੀ ਅਹਿਮਗੜ੍ਹ ਕੌਂਸਲ ਨੂੰ ਇਸ ਲਈ ਜੁਰਮਾਨਾ ਵੀ ਭਰਨਾ ਪਿਆ ਹੈ ਅਤੇ ਹੁਣ ਹਾਲਤ ਇਹ ਹੋ ਗਈ ਹੈ ਕਿ ਦਫ਼ਤਰ ਵਿੱਚ ਸੈਮੀਨਾਰ ਤੇ ਵਰਕਸ਼ਾਪਾਂ ਲਗਾਉਣ ਦੇ ਬਾਵਜੂਦ ਨਾ ਤਾਂ ਆਮ ਲੋਕਾਂ ਨੇ ਇੱਕ ਵਾਰ ਵਰਤੋਂ ਵਿੱਚ ਆਉਣ ਵਾਲਾ ਪਲਾਸਟਿਕ ਦਾ ਸਾਮਾਨ ਵਰਤਣਾ ਬੰਦ ਕੀਤਾ ਅਤੇ ਨਾ ਹੀ ਲੋਕਾਂ ਨੇ ਘਰਾਂ ਦਾ ਕੂੜਾ ਛਾਂਟ ਕੇ ਸੁੱਟਣਾ ਸ਼ੁਰੂ ਕੀਤਾ ਹੈ। ਸਫ਼ਾਈ ਮਜ਼ਦੂਰ ਆਗੂ ਅਤੇ ਮੇਟ ਸੋਹਨ ਲਾਲ ਗੋਸ਼ੀ ਨੇ ਮੰਗ ਕੀਤੀ ਕਿ ਅਧਿਕਾਰੀ ਇਹ ਯਕੀਨੀ ਬਨਾਉਣ ਕਿ ਸਾਰੇ ਕੌਂਸਲਰ ਆਪੋ-ਆਪਣੇ ਵਾਰਡ ਦੇ ਵਸਨੀਕਾਂ ਨੂੰ ਇਸ ਵਿਸ਼ੇ ਬਾਰੇ ਜਾਗਰੂਕ ਕਰਨ ਲਈ ਸੰਜੀਦਾ ਯਤਨ ਕਰਨ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨੇ ਦਾਅਵਾ ਕੀਤਾ ਕਿ ਆਮ ਲੋਕਾਂ ਨੂੰ ਇਸ ਵਿਸ਼ੇ ਬਾਰੇ ਜਾਗਰੂਕ ਕਰਨ ਲਈ ਸਮੇਂ-ਸਮੇਂ ’ਤੇ ਵਰਕਸ਼ਾਪਾਂ ਤੇ ਸੈਮੀਨਾਰ ਕਰਵਾਏ ਜਾ ਰਹੇ ਹਨ ਅਤੇ ਕਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।