ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਜੁਲਾਈ
ਫੀਲਡਗੰਜ ਇਲਾਕੇ ’ਚ ਸਥਿਤ ਇੱਕ ਹੋਟਲ ’ਚ ਆਪਣੇ ਦੋਸਤ ਦੇ ਨਾਲ ਖਾਣਾ ਖਾ ਰਹੇ ਹੈਬੋਵਾਲ ਦੇ ਰਹਿਣ ਵਾਲੇ ਅਨਿਲ ਦੀ ਆਪਣੇ ਦੋਸਤ ਨਾਲ ਬਹਿਸ ਹੋ ਗਈ। ਮਾਮੂਲੀ ਗੱਲ ਨੂੰ ਲੈ ਕੇ ਦੋਹਾਂ ’ਚ ਹੋਈ ਬਹਿਸ ਮਗਰੋਂ ਸਾਹਮਣੇ ਵਾਲੇ ਨੌਜਵਾਨ ਨੇ ਪਿਸਤੌਲ ਕੱਢ ਕੇ ਅਨਿਲ ’ਤੇ ਗੋਲੀ ਚਲਾ ਦਿੱਤੀ। ਗੋਲੀ ਸਿੱਧੀ ਅਨਿਲ ਦੇ ਢਿੱਡ ’ਚ ਲੱਗੀ ਜਿਸ ਤੋਂ ਬਾਅਦ ਮੁਲਜ਼ਮ ਉਥੋਂ ਸਾਰਿਆਂ ਨੂੰ ਧਮਕੀਆਂ ਦਿੰਦਾ ਹੋਇਆ ਫ਼ਰਾਰ ਹੋ ਗਿਆ। ਅਨਿਲ ਤੇ ਉਸ ਦੇ ਦੋਸਤ ਦੇ ਨਾਲ ਬੈਠੇ ਹੋਰ ਨੌਜਵਾਨਾਂ ਨੇ ਅਨਿਲ ਨੂੰ ਚੁੱਕਿਆ ਤੇ ਸੀਐਮਸੀ ਹਸਪਤਾਲ ਭਰਤੀ ਕਰਵਾਇਆ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀਆਂ ਦੇ ਨਾਲ ਨਾਲ ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅਨਿਲ ਜਿਸ ਹੋਟਲ ’ਚ ਖਾਣਾ ਖਾਣ ਲਈ ਗਿਆ ਸੀ, ਉਹ ਉਸ ਦੇ ਦੋਸਤ ਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਲੀਜ਼ ’ਤੇ ਲਿਆ ਹੈ। ਮੰਗਲਵਾਰ ਦੀ ਰਾਤ ਨੂੰ ਅਨਿਲ ਉਸ ਦਾ ਹੋਟਲ ਮਾਲਕ ਦੋਸਤ ਤੇ ਇੱਕ ਹੋਰ ਦੋਸਤ ਖਾਣਾ ਖਾ ਰਹੇ ਸਨ। ਇਸ ਦੌਰਾਨ ਅਨਿਲ ਦਾ ਆਪਣੇ ਹੋਟਲ ਮਾਲਕ ਦੋਸਤ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ। ਹੌਲੀ ਹੌਲੀ ਉਨ੍ਹਾਂ ਦੀ ਬਹਿਸਬਾਜ਼ੀ ਕੁੱਟਮਾਰ ਤੱਕ ਪੁੱਜ ਗਈ। ਦੋਵਾਂ ਦੋਸਤਾਂ ਵਿੱਚ ਬਚਾਅ ਕਰਾ ਰਹੇ ਸਨ ਕਿ ਹੋਟਲ ਮਾਲਕ ਅਨਿਲ ਦੇ ਦੋਸਤ ਨੇ ਪਿਸਤੌਲ ਕੱਢੀ ਤੇ ਸਿੱਧੀ ਅਨਿਲ ਵੱਲ ਗੋਲੀ ਚਲਾ ਦਿੱਤੀ, ਜੋ ਕਿ ਉਸ ਦੇ ਢਿੱਡ ’ਚ ਜਾ ਲੱਗੀ। ਉਥੇ ਇੱਕ ਵਾਰ ਭਗਦੜ ਮਚ ਗਈ ਤੇ ਮੁਲਜ਼ਮ ਉਥੋਂ ਫ਼ਰਾਰ ਹੋ ਗਿਆ। ਅਨਿਲ ਦੇ ਦੋਸਤਾਂ ਨੇ ਹੀ ਉਸ ਨੂੰ ਇਲਾਜ ਲਈ ਸੀਐਮਸੀ ਹਸਪਤਾਲ ਭਰਤੀ ਕਰਵਾਇਆ। ਥਾਣਾ ਡਵੀਜ਼ਨ ਨੰ. 2 ਦੇ ਐਸ.ਐਚ.ਓ. ਸਬ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਸੀਐਮਸੀ ਹਸਪਤਾਲ ’ਚ ਨੌਜਵਾਨ ਦੀ ਹਾਲਤ ਹਾਲੇ ਗੰਭੀਰ ਹੈ। ਉਸ ਦੇ ਪਰਿਵਾਰ ਵਾਲਿਆਂ ਨੂੰ ਗੱਲ ਪਤਾ ਨਹੀਂ ਸੀ ਤਾਂ ਉਨ੍ਹਾਂ ਨੇ ਕੋਈ ਬਿਆਨ ਦਰਜ ਨਹੀਂ ਕਰਵਾਏ। ਪੁਲੀਸ ਆਪਣੇ ਆਧਾਰ ’ਤੇ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਮੁਲਜ਼ਮ ਦੇ ਖਿਲਾਫ਼ ਕੇਸ ਦਰਜ ਕਰ ਕੇ ਉਸਦਾ ਪਤਾ ਲਾ ਲਿਆ ਜਾਵੇਗਾ ਅਤੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।