ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੂਨ
ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਸਾਬਕਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਲੁਧਿਆਣਾ ਤੋਂ ਚੋਣ ਹਾਰਨ ਤੋਂ ਬਾਅਦ ਵੀ ਮੋਦੀ ਸਰਕਾਰ ’ਚ ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਭਾਜਪਾ ਵਰਕਰਾਂ ’ਚ ਖੁਸ਼ੀ ਦੀ ਲਹਿਰ ਹੈ। ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਬਿੱਟੂ ਦੀ ਪਤਨੀ ਅਨੁਪਮਾ ਨੇ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਨਵੇਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਵਾਬ ਦਿੰਦਿਆਂ ਕਿਹਾ ਕਿ ਜੋ ਲੋਕ ਆਖਦੇ ਸਨ ਕਿ ਬਿੱਟੂ ਬੋਰੀਆਂ ਬਿਸਤਰਾ ਬੰਨ੍ਹ ਲਵੇ, ਉਸ ਨੂੰ ਲੁਧਿਆਣਾ ਛੱਡਣਾ ਪਵੇਗਾ, ਹੁਣ ਉਹ ਸੁਣ ਲੈਣ ਕੇ ਬਿੱਟੂ ਲੁਧਿਆਣਾ ’ਚ ਰਹਿ ਕੇ ਹੀ ਲੋਕਾਂ ਦੀ ਸੇਵਾ ਕਰਨਗੇ। ਬਿੱਟੂ ਖਿਲਾਫ਼ ਚੋਣ ਮੈਦਾਨ ’ਚ ਉਤਰਨ ਤੋਂ ਬਾਅਦ ਰਾਜਾ ਵੜਿੰਗ ਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਸਾਫ਼ ਤੌਰ ’ਤੇ ਕਈ ਮੀਟਿੰਗਾਂ ’ਚ ਸੰਬੋਧਨ ਦੋਰਾਨ ਕਿਹਾ ਸੀ ਕਿ ਬਿੱਟੂ ਬੋਰੀਆ ਬਿਸਤਰਾ ਬੰਨ੍ਹ ਲਵੇ, ਉਸ ਨੂੰ ਲੁਧਿਆਣਾ ਛੱਡ ਕੇ ਜਾਣਾ ਪਵੇਗਾ।
ਕੇਂਦਰੀ ਮੰਤਰੀ ਬਿੱਟੂ ਦੀ ਪਤਨੀ ਅਨੁਪਮਾ ਨੇ ਵਿਰੋਧੀਆਂ ’ਤੇ ਵਾਰ ਕਰਦਿਆਂ ਆਖਿਆ ਕਿ ਸ਼ਹਿਰੀ ਇਲਾਕਿਆਂ ’ਚ ਤਾਂ ਲੋਕਾਂ ਨੇ ਭਾਜਪਾ ਨੂੰ ਚੁਣਿਆ ਹੈ, ਪਿੰਡਾਂ ’ਚ ਸਾਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ। ਜੇਕਰ ਅਸੀਂ ਪਿੰਡਾਂ ’ਚ ਵੀ ਸਹੀ ਤਰੀਕੇ ਨਾਲ ਪ੍ਰਚਾਰ ਕਰ ਜਾਂਦੇ ਤਾਂ ਰਵਨੀਤ ਸਿੰਘ ਬਿੱਟੂ ਚੌਥੀ ਵਾਰ ਸੰਸਦ ਮੈਂਬਰ ਬਣ ਜਾਂਦੇ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਜਿੱਤੀ ਹੈ ਤੇ ਦੇਸ਼ ’ਚ ਸਰਕਾਰ ਬਣ ਗਈ ਹੈ। ਰਵਨੀਤ ਸਿੰਘ ਬਿੱਟੂ ਕੇਂਦਰ ’ਚ ਮੰਤਰੀ ਬਣ ਗਏ ਹਨ, ਜੋ ਲੋਕ ਕਹਿੰਦੇ ਸਨ ਕਿ ਬੋਰੀਆ ਬਿਸਤਰਾ ਬੰਨ੍ਹ ਲਵੇ ਬਿੱਟੂ, ਹੁਣ ਉਨ੍ਹਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਿੱਟੂ ਕਿਤੇ ਨਹੀਂ ਜਾ ਰਿਹਾ, ਸਗੋਂ ਲੁਧਿਆਣਾ ’ਚ ਰਹਿ ਕੇ ਹੀ ਲੋਕਾਂ ਦੀ ਸੇਵਾ ਕਰਨਗੇ। ਅਨੁਪਮਾ ਨੇ ਕਿਹਾ ਕਿ ਸਾਡਾ ਟੀਚਾ ਪੰਜਾਬ ਨੂੰ ਇਕੱਠਾ ਕਰਨਾ ਹੈ। ਸ਼ਹਿਰ ’ਚ ਏਮਜ਼ ਵਰਗੇ ਵੱਡੇ ਹਸਪਤਾਲ ਬਣਨਗੇ। ਉਨ੍ਹਾਂ ਕਿਹਾ ਕਿ ਹੰਕਾਰ ਕਰਨ ਵਾਲੇ ਲੋਕਾਂ ਨੂੰ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਅਕਤੀ ਨੂੰ ਹੰਕਾਰ ਤੋਂ ਬਾਹਰ ਆਉਣਾ ਚਾਹੀਦਾ ਹੈ।