ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਕਤੂਬਰ
ਗਣੇਸ਼ ਨਗਰ ਇਲਾਕੇ ’ਚ ਦੇਰ ਰਾਤ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ। ਥਾਣਾ ਡਿਵੀਜ਼ਨ ਨੰਬਰ 2 ਅਧੀਨ ਪੈਂਦੀ ਜਨਕਪੁਰੀ ਚੌਕੀ ਦੀ ਪੁਲੀਸ ਮੌਕੇ ’ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਅਮਨ ਨੇ ਦੱਸਿਆ ਕਿ ਉਹ ਆਪਣੀ ਕਾਰ ’ਚ ਕਿਸੇ ਕੰਮ ਲਈ ਗਿਆ ਸੀ ਅਤੇ ਵਾਪਸ ਘਰ ਆ ਰਿਹਾ ਸੀ। ਇਲਾਕੇ ਦੇ ਇੱਕ ਨੌਜਵਾਨ ਨੇ ਸ਼ਰਾਬ ਦੇ ਨਸ਼ੇ ਵਿੱਚ ਉਸ ਨੂੰ ਰੋਕ ਲਿਆ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਨੌਜਵਾਨ ਨੇ ਆਪਣਾ ਪਾਲਤੂ ਕੁੱਤਾ ਉਸ ’ਤੇ ਛੱਡ ਦਿੱਤਾ ਜਿਸ ਨੇ ਉਸ ਨੂੰ ਹੱਥ ’ਤੇ ਵੱਢ ਲਿਆ। ਅਮਨ ਦੇ ਭਰਾ ਆਕਾਸ਼ ਨੇ ਦੱਸਿਆ ਕਿ ਉਸ ਦੇ ਭਰਾ ਨਾਲ ਬਹਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚ ਗਿਆ ਅਤੇ ਦਖਲ ਦੇ ਕੇ ਬਚਾਅ ਕਰ ਰਿਹਾ ਸੀ ਕਿ ਇਸ ਦੌਰਾਨ ਨੌਜਵਾਨ ਨੇ ਉਸ ਨਾਲ ਵੀ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਵੀ ਕੁੱਤੇ ਨੇ ਵੱਢ ਲਿਆ। ਕੁੱਝ ਸਮਾਂ ਬਾਅਦ ਇੱਕ ਵਾਰ ਇਲਾਕੇ ਦੇ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਇਆ, ਪਰ ਕੁਝ ਦੇਰ ਬਾਅਦ ਕੁਝ ਨੌਜਵਾਨ ਆਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਉਸ ਦੇ ਘਰ ਦੇ ਬਾਹਰ ਖੜ੍ਹੀ ਕਾਰ ’ਤੇ ਪਥਰਾਅ ਕਰ ਦਿੱਤਾ ਅਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਹਮਲਾਵਰਾਂ ਵੱਲੋਂ ਕਾਰ ’ਤੇ ਹਮਲਾ ਕਰਨ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਚੌਕੀ ਜਨਕਪੁਰੀ ਦੇ ਇੰਚਾਰਜ ਏਐੱਸਆਈ ਕਪਿਲ ਸ਼ਰਮਾ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ਿਕਾਇਤ ਉਨ੍ਹਾਂ ਕੋਲ ਆਈ ਹੈ। ਪੁਲੀਸ ਸੀਸੀਟੀਵੀ ਦੀ ਜਾਂਚ ਵਿੱਚ ਜੁਟੀ ਹੈ।