ਸਰੁਚੀ ਕੁਮਾਰੀ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਅਕਤੂਬਰ
ਇਥੋਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਅਧੀਨ ਇੱਕ ਲੜਕੀ ਦੀ ਮੌਤ ਹੋਣ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਅਮਲੇ ’ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਹੈ। ਮਰਨ ਵਾਲੀ ਬੱਚੀ ਦੀ ਪਛਾਣ ਸਰੁਚੀ ਕੁਮਾਰੀ (15) ਵਾਸੀ ਮਾਡਲ ਟਾਊਨ ਵਜੋਂ ਦੱਸੀ ਜਾ ਰਹੀ ਹੈ। ਸਰੁਚੀ ਦੇ ਪਿਤਾ ਸਿਤਾਰਾ ਮੁਖੀਆ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਬੁਖਾਰ ਹੋਣ ਮਗਰੋਂ ਬੀਤੀ 30 ਸਤੰਬਰ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਡਾਕਟਰ ਨੇ ਦੱਸਿਆ ਕਿ ਲੜਕੀ ਦੇ ਸੈੱਲ ਘਟੇ ਹੋਏ ਹਨ ਤੇ ਪੀਲੀਆ ਵੀ ਹੈ। ਪਿਤਾ ਨੇ ਦੱਸਿਆ ਕਿ ਅੱਜ ਅਚਾਨਕ ਡਾਕਟਰ ਨੇ ਕਿਹਾ ਕਿ ਬੱਚੀ ਦੇ ਸੈੱਲ ਬਹੁਤ ਘੱਟ ਹਨ ਤੇ ਉਹ ਹਸਪਤਾਲ ਦਾ ਬਿੱਲ ਅਦਾ ਕਰ ਕੇ ਉਸ ਨੂੰ ਕਿਸੇ ਹੋਰ ਹਸਪਤਾਲ ਲੈ ਜਾਣ।
ਸਿਤਾਰਾ ਮੁਖੀਆ ਨੇ ਦੱਸਿਆ ਕਿ ਉਸ ਕੋਲ ਰਕਮ ਘੱਟ ਹੋਣ ਕਾਰਨ ਬਿੱਲ ਅਦਾ ਕਰਨ ਵਿੱਚ ਸਮਾਂ ਲੱਗ ਰਿਹਾ ਸੀ, ਉਹ ਪੈਸੇ ਦਾ ਜੁਗਾੜ ਕਰਨ ਲਈ ਕਈ ਥਾਈਂ ਭਟਕਿਆ ਤੇ ਇਸ ਕੰਮ ਵਿੱਚ ਉਸ ਨੂੰ ਕਾਫ਼ੀ ਸਮਾਂ ਲੱਗ ਰਿਹਾ ਸੀ ਪਰ ਹਸਪਤਾਲ ਵਾਲੇ ਲੜਕੀ ਦੀ ਗੰਭੀਰ ਹਾਲਤ ਦੇ ਬਾਵਜੂਦ ਬਿਨਾਂ ਬਿੱਲ ਅਦਾ ਕੀਤਿਆਂ ਬੱਚੀ ਨੂੰ ਲਿਜਾਣ ਨਹੀਂ ਦੇ ਰਹੇ ਸਨ। ਜਦੋਂ ਉਹ ਸਰੁਚੀ ਨੂੰ ਹਸਪਤਾਲ ’ਚੋਂ ਛੁੱਟੀ ਕਰਵਾ ਖੰਨਾ ਦੇ ਇੱਕ ਹੋਰ ਪ੍ਰਾਈਵੇਟ ਹਸਪਤਾਲ ਲੈ ਕੇ ਗਏ ਤਾਂ ਉੱਥੇ ਕੁਝ ਸਾਹ ਲੈਣ ਮਗਰੋਂ ਸਰੁਚੀ ਦੀ ਮੌਤ ਹੋ ਗਈ। ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਕਤ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ’ਤੇ ਬੱਚੀ ਦੇ ਇਲਾਜ ਵਿੱਚ ਲਾਪਰਵਾਹੀ ਵਰਤਣ ਅਤੇ ਸਮੇਂ ਸਿਰ ਬਣਦਾ ਇਲਾਜ ਨਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਤਹਿਤ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਅੱਗੇ ਮੁਜ਼ਾਹਰਾ ਵੀ ਕੀਤਾ, ਜਿਸ ਮਗਰੋਂ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਪਰਿਵਾਰਕ ਮੈਂਬਰਾਂ ਦਾ ਇਹ ਦੋਸ਼ ਹੈ ਕਿ ਲੜਕੀ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਹਸਪਤਾਲ ਦੇ ਅਮਲੇ ਨੇ ਬਣਦੇ ਸਮੇਂ ਵਿੱਚ ਸਹੀ ਫੈਸਲਾ ਨਹੀਂ ਲਿਆ ਅਤੇ ਸਮੇਂ ਸਿਰ ਲੜਕੀ ਨੂੰ ਡਿਸਚਾਰਜ ਵੀ ਨਹੀਂ ਕੀਤਾ ਗਿਆ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਸਰੁਚੀ ਕੁਮਾਰੀ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ।
ਹਸਪਤਾਲ ਪ੍ਰਬੰਧਕਾਂ ਨੇ ਦੋਸ਼ ਨਕਾਰੇ
ਪ੍ਰਾਈਵੇਟ ਹਸਪਤਾਲ ਦੇ ਮਾਲਕ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਜਾ ਰਹੇ ਦੋਸ਼ ਨਿਰਆਧਾਰ ਹਨ। ਉਨ੍ਹਾਂ ਕਿਹਾ ਕਿ ਸਰੁਚੀ ਕੁਮਾਰੀ ਉਨ੍ਹਾਂ ਦੇ ਹਸਪਤਾਲ ਵਿੱਚ 2 ਦਿਨ ਪਹਿਲਾਂ ਹੀ ਦਾਖਲ ਹੋਈ ਸੀ, ਜਿਸ ਦੇ ਸੈੱਲ ਘਟੇ ਹੋਏ ਸਨ। ਅੱਜ ਸਵੇਰੇ 9 ਵਜੇ ਜਦੋਂ ਸੈੱਲ ਹੋਰ ਘਟ ਗਏ ਤਾਂ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਹੋਰ ਹਸਪਤਾਲ ਜਾਣ ਲਈ ਕਹਿ ਦਿੱਤਾ ਸੀ ਪਰਿਵਾਰਕ ਮੈਂਬਰ ਇਸ ਨੂੰ ਆਪਣੀ ਇੱਛਾ ਅਨੁਸਾਰ ਹੋਰ ਹਸਪਤਾਲ ਲੈ ਗਏ ਜਿੱਥੇ ਬੱਚੀ ਦੀ ਮੌਤ ਹੋ ਗਈ ਪਰ ਇਸ ਵਿਚ ਹਸਪਤਾਲ ਦੀ ਕੋਈ ਲਾਪਰਵਾਹੀ ਨਹੀਂ ਹੈ।