ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 19 ਜੁਲਾਈ
ਪੰਜਾਬ ਵਿੱਚ ਨਸ਼ਿਆਂ ਦੇ ਪਸਾਰ ਅਤੇ ਮਾਰੂ ਅਸਰ ਦੇ ਨਾਲ ਨਾਲ ਲੋਕ ਰੋਹ ਵੀ ਵਧ ਰਿਹਾ ਹੈ। ਇਲਾਕੇ ਦੇ ਨੌਜਵਾਨ ਦੀ ਚਿੱਟੇ ਕਾਰਨ ਹੋਈ ਮੌਤ ਮਗਰੋਂ ਨਸ਼ਾ ਤਸਕਰ ਦੀ ਜਾਇਦਾਦ ਨੂੰ ਜਾਂਚ ਕਰ ਕੇ ਜ਼ਬਤ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਤੋਂ ਇਲਾਵਾ ਬਾਕੀ ਤਸਕਰਾਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਹੋ ਰਹੀ ਹੈ। ਇਸ 27 ਸਾਲਾ ਨੌਜਵਾਨ ਜਗਦੇਵ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੀ ਨਸ਼ਿਆਂ ਦਾ ਮੁੱਦਾ ਭਾਰੂ ਰਿਹਾ। ਲਗਭਗ ਸਾਰੇ ਬੁਲਾਰਿਆਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਮਾਰ ਨੂੰ ਅਜੋਕਾ ਅਤਿਵਾਦ ਕਰਾਰ ਦਿੰਦਿਆਂ ਕਿਹਾ ਕਿ ਇਹ ਸੋਚੀ ਸਮਝੀ ਸਾਜਿਸ਼ ਤਹਿਤ ਨਸਲਕੁਸ਼ੀ ਵਾਂਗ ਹੈ। ਇਸ ’ਚ ਸਿਆਸੀ, ਪੁਲੀਸ ਅਤੇ ਗੁੰਡਾ ਗਰੋਹ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਤੇ ਕਾਂਗਰਸ ਸਰਕਾਰ ਮਗਰੋਂ ਹੁਣ ‘ਆਪ’ ਨੇ ਨਸ਼ਿਆਂ ਨੂੰ ਖ਼ਤਮ ਕਰਨ ਦੇ ਨਾਂ ’ਤੇ ਵੋਟਾਂ ਲੈ ਕੇ ਸਰਕਾਰਾਂ ਤਾਂ ਬਣਾਈਆਂ ਪਰ ਨਸ਼ਾ ਖ਼ਤਮ ਕਰਨ ’ਚ ਨਾਕਾਮ ਰਹੀਆਂ ਹਨ।
ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲੋਕਾਂ ਨੂੰ ਅੱਗੇ ਲੱਗਣ ਦਾ ਸੱਦਾ ਦਿੰਦਿਆਂ ਕਿਹਾ ਕਿ ਲੋਕ ਹੀ ਇਸ ਨਾਮੁਰਾਦ ਬਿਮਾਰੀ ਤੋਂ ਖਹਿੜਾ ਛੁਡਵਾ ਸਕਦੇ ਹਨ ਅਤੇ ਲੋਕ ਏਕਤਾ ਨਾਲ ਨਸ਼ਿਆਂ ਨੂੰ ਠੱਲ੍ਹ ਪੈ ਸਕਦੀ ਹੈ। ਪਿੰਡ ਭਮਾਲ ਦੇ ਗੁਰਦੁਆਰਾ ਸਾਹਿਬ ‘ਚ ਅਰਦਾਸ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਬੰਜਰ ਹੋ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਤੇ ਬਾਕੀ ਬੇਰੁਜ਼ਗਾਰੀ ਕਾਰਨ ਨਸ਼ਿਆਂ ਵਿੱਚ ਪੈ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਹਕੂਮਤਾਂ ਇਸ ਮਸਲੇ ਦੀ ਜੜ੍ਹ ’ਤੇ ਵਾਰ ਕਰਨ ਤੋਂ ਪਾਸਾ ਵੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਦੀ ਮੌਤ ਦੇ ਜ਼ਿੰਮੇਵਾਰ ਨਸ਼ਾ ਤਸਕਰ ਅਤੇ ਇਕ ਹੋਰ ਮੁਲਜ਼ਮ ਖ਼ਿਲਾਫ਼ ਜਥੇਬੰਦਕ ਦਬਾਅ ਹੇਠ ਕੇਸ ਦਰਜ ਹੋਇਆ ਹੈ।
ਆਗੂਆਂ ਦਾ ਵਫ਼ਦ ਕੰਵਲਜੀਤ ਖੰਨਾ ਅਤੇ ਡਾ. ਸੁਖਦੇਵ ਸਿੰਘ ਭੂੰਦੜੀ ਦੀ ਅਗਵਾਈ ਵਿੱਚ ਥਾਣਾ ਸਿੱਧਵਾਂ ਬੇਟ ਦੇ ਮੁਖੀ ਨੂੰ ਮਿਲਿਆ। ਲਿਖਤੀ ਮੰਗ ਪੱਤਰ ਰਾਹੀਂ ਇਨ੍ਹਾਂ ਮੰਗਾਂ ਸਣੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂ ਰਾਮਸ਼ਰਨ ਸਿੰਘ ਰਸੂਲਪੁਰ, ਹਰਜਿੰਦਰ ਸਿੰਘ ਭਮਾਲ, ਜਗਤ ਸਿੰਘ ਲੀਲਾਂ, ਪਿੰਦਰ ਸਿੰਘ ਭਮਾਲ, ਮਜ਼ਦੂਰ ਆਗੂ ਜਸਵਿੰਦਰ ਸਿੰਘ ਭਮਾਲ, ਬਲਦੇਵ ਸਿੰਘ ਫੌਜੀ, ਕਰਮ ਸਿੰਘ ਭਮਾਲ ਆਦਿ ਇਸ ਸਮੇਂ ਮੌਜੂਦ ਸਨ।