ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਜੂਨ
ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਹੋਈ ਹਾਰ ਕਾਰਨ ਇਲਾਕੇ ਦੇ ‘ਆਪ’ ਆਗੂਆਂ ਤੇ ਵਰਕਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਇਲਾਕੇ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਜਿੱਥੇ ਇਹ ਦਾਅਵਾ ਕਰ ਰਹੇ ਸਨ ਕਿ ‘ਆਪ’ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣਗੇ ਉੱਥੇ ਹੋਈ ਹਾਰ ਅਤੇ ਕਾਂਗਰਸ ਦੀ ਜਿੱਤ ਨੇ ਸ੍ਰੀ ਸੌਂਦ ਤੇ ‘ਆਪ’ ਆਗੂਆਂ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਅੱਜ ਖੰਨਾ ਸਥਿਤ ‘ਆਪ’ ਦੇ ਚੋਣ ਦਫ਼ਤਰ ਅੱਗੇ ਸੰਨਾਟਾ ਛਾਇਆ ਰਿਹਾ। ਇਲਾਕੇ ਵਿਚ ਇਹ ਚਰਚਾ ਹੋ ਰਹੀ ਕਿ ‘ਆਪ’ ਦੇ ਆਗੂਆਂ ਨੇ ਇਸ ਚੋਣ ਵਿਚ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ, ਦੂਜੀ ਮੁੱਖ ਚਰਚਾ ਇਹ ਰਹੀ ਕਿ ਇਲਾਕੇ ਦੇ ਵਿਧਾਇਕ ਨੇ ਪੁਰਾਣੇ ਵਰਕਰਾਂ ਦੀ ਕੋਈ ਸਾਰ ਨਹੀਂ ਲਈ ਜਿਸ ਕਾਰਨ ਮਿਹਨਤੀ ਵਰਕਰ ਘਰ ਬੈਠੇ ਰਹੇੇ।