ਗੁਰਿੰਦਰ ਸਿੰਘ
ਲੁਧਿਆਣਾ, 9 ਅਕਤੂਬਰ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਇੱਕ ਵਫ਼ਦ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਭਖਦੇ ਮਸਲਿਆਂ ਦਾ ਫੌਰੀ ਤੌਰ ’ਤੇ ਹੱਲ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ ਹੇਠ ਮਿਨੀ ਸਕੱਤਰੇਤ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਅੰਕਿਤਾ ਅਗਰਵਾਲ ਨਾਲ ਮਸਲਿਆਂ ਬਾਰੇ ਗੱਲਬਾਤ ਕਰ ਕੇ ਇੱਕ ਮੰਗ ਪੱਤਰ ਸੌਂਪਿਆ।
ਵਫ਼ਦ ਨੇ ਮੰਗ ਕੀਤੀ ਕਿ ਝੋਨੇ ਦੀ ਨਵੀਂ ਫ਼ਸਲ ਦੀ ਖਰੀਦ, ਸ਼ੈਲਰਾਂ ਅਤੇ ਸਰਕਾਰ ਦੇ ਗੁਦਾਮਾਂ ਵਿੱਚੋਂ ਚੌਲਾਂ ਦੀ ਚੁਕਵਾਈ, ਕੰਬਾਈਨ ਮਾਲਕਾਂ ਲਈ ਲਾਜ਼ਮੀ ਐੱਸਐੱਮਐੱਸ ਦੀ ਸ਼ਰਤ ਅਤੇ ਭਾਰੀ ਜੁਰਮਾਨੇ, ਡੀਏਪੀ ਦੀ ਕਿੱਲਤ ਦੂਰ ਕਰਕੇ ਨੈਨੋ ਖਾਦਾਂ ਦੀ ਵਿਕਰੀ ਰੋਕਣ ਤੇ ਪੀਆਰ 126 ਦੀ ਨਮੀ ਦੀ ਸ਼ਰਤ ਵਿਚਾਰਣ ਬਾਰੇ ਕਾਰਵਾਈ ਕੀਤੀ ਜਾਵੇ। ਉਨ੍ਹਾਂ 48 ਘੰਟੇ ਦੇ ਅੰਦਰ ਝੋਨੇ ਦੀ ਰਕਮ ਬੈਂਕ ਖਾਤੇ ’ਚ ਪਾਉਣ, ਆਲੂਆਂ ਅਤੇ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ। ਜ਼ਿਲ੍ਹਾ ਮਾਲ ਅਫ਼ਸਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਕੇ ਮਸਲਿਆਂ ਦੇ ਹੱਲ ਕਰਾਉਣਗੇ। ਇਸ ਮੌਕੇ ਵਫ਼ਦ ਵਿੱਚ ਰਣਜੀਤ ਸਿੰਘ ਗੁੜੇ, ਬਲਜੀਤ ਸਿੰਘ ਸਵੱਦੀ, ਜਸਵੰਤ ਸਿੰਘ ਮਾਨ, ਸਰਵਿੰਦਰ ਸਿੰਘ ਸੁਧਾਰ, ਤੇਜਿੰਦਰ ਸਿੰਘ ਬਿਰਕ, ਡਾ. ਗੁਰਮੇਲ ਸਿੰਘ ਕੁਲਾਰ, ਜਗਦੇਵ ਸਿੰਘ ਗੁੜੇ, ਅਮਰੀਕ ਸਿੰਘ ਤਲਵੰਡੀ ਅਤੇ ਗੁਰਦੀਪ ਸਿੰਘ ਮੰਡਿਆਣੀ ਵੀ ਹਾਜ਼ਰ ਸਨ।
ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ
ਇਸ ਦੌਰਾਨ ਕਿਸਾਨਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਦੇ ਕਥਿਤ ਕਿਸਾਨ ਵਿਰੋਧੀ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੱਸਿਆ ਕਿ ਉਹ ਜਦੋਂ ਡੀਸੀ ਨੂੰ ਮਿਲਣ ਲਈ ਗਏ ਤਾਂ ਉਨ੍ਹਾਂ ਵਫ਼ਦ ਨੂੰ ਗੈਸਟ ਰੂਮ ਵਿੱਚ ਬਿਠਾ ਕੇ ਪੰਜ ਮਿੰਟ ਬਾਅਦ ਮਿਲਣ ਲਈ ਕਿਹਾ, ਪਰ ਜਦੋਂ ਅੱਧੇ ਘੰਟੇ ਤੱਕ ਉਹ ਨਹੀਂ ਮਿਲੇ ਤਾਂ ਪਤਾ ਲੱਗਾ ਕਿ ਉਹ ਕਿਧਰੇ ਹੋਰ ਚਲੇ ਗਏ ਹਨ। ਇਸ ਗੱਲ ਤੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਬਾਹਰ ਆ ਕੇ ਨਾਅਰੇਬਾਜ਼ੀ ਕੀਤੀ।