ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਨਵੰਬਰ
ਪੰਜਾਬ ਦੇ ਊਰਜਾ ਮੰਤਰੀ, ਹਰਭਜਨ ਸਿੰਘ ਈਟੀਓ ਦੀ ਅਗਵਾਈ ਹੇਠ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀਐੱਨਡੀਈਸੀ ) ਨੇ ਇੱਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਹਨ। ਇਸ ਐੱਮਓਯੂ ਦਾ ਉਦੇਸ਼ ਸਿਖਲਾਈ ਮੋਡਿਊਲਾਂ ਦੀ ਤਿਆਰੀ, ਵੰਡ ਸਮੇਤ ਸਮਰੱਥਾ-ਨਿਰਮਾਣ ਪ੍ਰੋਗਰਾਮ ਚਲਾਉਣਾ, ਸਰਕਾਰੀ ਏਜੰਸੀਆਂ, ਬਹੁ-ਪੱਖੀ ਏਜੰਸੀਆਂ ਤੇ ਹੋਰ ਹਿੱਸੇਦਾਰਾਂ ਨੂੰ ਵਿਸ਼ੇਸ਼ ਸਲਾਹਕਾਰੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਤੋਂ ਇਲਾਵਾ, ਪੀਐੱਸਪੀਸੀਐੱਲ ਅਤੇ ਜੀਐੱਨਡੀਈਸੀ ਆਪਸੀ ਹਿੱਤ ਦੇ ਵਿਸ਼ਿਆਂ/ਖੇਤਰਾਂ ਵਿੱਚ ਖੋਜ ਸਹਿਯੋਗ ਦੇ ਵਿਕਾਸ ਅਤੇ ਪ੍ਰਚਾਰ ਲਈ ਸਹਿਯੋਗ ਕਰਨਗੇ, ਜਿਸ ਦੇ ਨਤੀਜੇ ਵਜੋਂ ਅਧਿਕਾਰੀਆਂ ਨੂੰ ਡਿਗਰੀਆਂ/ ਡਿਪਲੋਮੇ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਇਹ ਐੱਮਓਯੂ 3 ਸਾਲਾਂ ਲਈ ਲਾਗੂ ਰਹੇਗਾ। ਇਹ ਸਮਝੋਤਾ ਜਿੱਥੇ ਮੁਲਾਜ਼ਮਾਂ ਦੇ ਹੁਨਰਾਂ ਨੂੰ ਵਧਾਏਗਾ ਉੱਥੇ ਸਮਾਰਟ ਗਰਿੱਡ, ਸਮੱਗਰੀ ਚੋਣ, ਫੇਲ੍ਹ ਵਿਸ਼ਲੇਸ਼ਣ ਅਤੇ ਸਮੱਗਰੀ ਦੀ ਵਿਸ਼ੇਸ਼ਤਾ, ਡਾਟਾ ਵਿਸ਼ਲੇਸ਼ਣ ਤੇ ਪਾਵਰ ਵੰਡ ਪ੍ਰਣਾਲੀਆਂ, ਤੇ ਹੋਰ ਇੰਜਨੀਅਰਿੰਗ ਖੇਤਰਾਂ ’ਚ ਅਤਿ-ਆਧੁਨਿਕ ਤਕਨਾਲੋਜੀਆਂ ਨਾਲ ਵੀ ਜੋੜੇਗਾ।