ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੁਲਾਈ
ਪੀਏਯੂ ਨੇ ਅੱਜ ਲੁਧਿਆਣਾ ਸਥਿਤ ਇੱਕ ਫਰਮ ਸਿੰਗਿੰਗ ਇਨ ਕਿਚਨ ਨਾਲ ਵਿਟਾਮਿਨ-ਡੀ ਨਾਲ ਭਰਪੂਰ ਖੁੰਬਾਂ ਦੇ ਪਾਊਡਰ ਦੀ ਤਕਨੀਕ ਦੇ ਵਪਾਰੀਕਰਨ ਦਾ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਤੇ ਸਬੰਧਤ ਫਰਮ ਵੱਲੋਂ ਮਨਜੀਤ ਕੌਰ ਨੇ ਦਸਤਖ਼ਤ ਕੀਤੇ ਹਨ। ਜ਼ਿਕਰਯੋਗ ਹੈ ਕਿ ਇਹ ਤਕਨੀਕ ਭੋਜਨ ਤੇ ਪੋਸ਼ਣ ਵਿਭਾਗ ਦੇ ਸਹਿਯੋਗੀ ਪ੍ਰੋਫੈ਼ਸਰ ਡਾ. ਸੋਨਿਕਾ ਸ਼ਰਮਾ ਅਤੇ ਬੇਸਿਕ ਸਾਇੰਸਿਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਸਾਂਝੇ ਰੂਪ ਵਿੱਚ ਵਿਕਸਿਤ ਕੀਤੀ ਹੈ। ਡਾ. ਕਪੂਰ ਨੇ ਕਿਹਾ ਕਿ ਇਹ ਤਕਨੀਕ ਵਿਟਾਮਿਨ-ਡੀ ਨਾਲ ਭਰਪੂਰ ਖੁੰਬਾਂ ਦੇ ਪਾਊਡਰ ਨੂੰ ਭੋਜਨ ਪਦਾਰਥਾਂ ਦੀ ਇੱਕ ਸਮੱਗਰੀ ਵਜੋਂ ਵਰਤਣ ਲਈ ਵਿਕਸਿਤ ਕੀਤੀ ਗਈ ਹੈ ਤਾਂ ਜੋ ਵਿਟਾਮਿਨ-ਡੀ ਦੀ ਘਾਟ ਵਾਲੇ ਲੋਕਾਂ ਨੂੰ ਲਾਭ ਮਿਲ ਸਕੇ। ਡਾ. ਸੋਨਿਕਾ ਸ਼ਰਮਾ ਨੇ ਦੱਸਿਆ ਕਿ ਬਟਨ ਤੇ ਓਸਟਰ ਕਿਸਮ ਦੀਆਂ ਖੁੰਬਾਂ ਦਾ ਪਾਊਡਰ ਸ਼ਾਕਾਹਾਰੀ ਤੇ ਵਿਟਾਮਿਨ-ਡੀ ਨਾਲ ਭਰਪੂਰ ਹੈ। ਉਨ੍ਹਾਂ ਕਿਹਾ ਕਿ ਧੁੱਪ ਵਿੱਚ ਸੁਕਾਈਆਂ ਖੁੰਬਾਂ ਨਾਲ ਵਿਟਾਮਿਨ-ਡੀ ਦੀ ਮਿਕਦਾਰ ਹੋਰ ਵਧਾਈ ਜਾ ਸਕਦੀ ਹੈ।