ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 6 ਜਨਵਰੀ
ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਸਵੱਦੀ ਕਲਾਂ ਵਿੱਚ ਬਹੁਮੰਤਵੀ ਖੇਤੀਬਾੜੀ ਸਭਾ ਦੀ ਹੋਣ ਵਾਲੀ ਚੋਣ ਅੱਜ ਇੱਕ ਵਾਰ ਫਿਰ ਤੋਂ ਰੱਦ ਕਰ ਦਿੱਤੀ ਗਈ। ਪਿੰਡ ਦੇ ਲੋਕਾਂ ਅਨੁਸਾਰ ਅਜਿਹਾ ਤੀਸਰੀ ਵਾਰ ਹੋਇਆ ਹੈ। ਚੋਣ ਰੱਦ ਹੋਣ ਕਾਰਨ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਅਤੇ ਅਕਾਲੀ ਵਰਕਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਇਸ ਸਭ ਲਈ ਕਾਂਗਰਸ ਪਾਰਟੀ ਦੇ ਹਲਕਾ ਦਾਖਾ ਤੋਂ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਜ਼ਿੰਮੇਵਾਰ ਮੰਨਦੇ ਹੋਏ ਰੋਸ ਮੁਾਜ਼ਹਰਾ ਤੇ ਨਾਅਰੇਬਾਜ਼ੀ ਕੀਤੀ।
ਪਿੰਡ ਦੇ ਲੋਕਾਂ ਦੀ ਅਗਵਾਈ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸਭਾ ਦੀ ਇੱਕ ਵਰ੍ਹੇ ਤੋਂ ਚੋਣ ਲਮਕਾਈ ਜਾ ਰਹੀ ਹੈ ਅਤੇ ਸੰਦੀਪ ਸੰਧੂ ਵੱਲੋਂ ਇਹ ਚੋਣ ਤਿੰਨ ਵਾਰ ਰੱਦ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੂੰ ਸਭਾ ਦੀ ਚੋਣ ਵਿਚ ਆਪਣੀ ਹਾਰ ਦਿਸ ਰਹੀ ਹੋਣ ਕਰ ਕੇ ਅਜਿਹਾ ਕੀਤਾ ਜਾ ਰਿਹਾ ਹੈ, ਜੋ ਕਿ ਲੋਕਤੰਤਰ ਵਿਚ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਤਿ ਨਿੰਦਣਯੋਗ ਕਾਰਵਾਈ ਖ਼ਿਲਾਫ਼ ਚੋਣ ਕਰਵਾਉਣ ਲਈ ਕਿਸਾਨਾਂ ਅਤੇ ਸਭਾ ਨਾਲ ਜੁੜੇ ਮੈਂਬਰਾਂ ਵੱਲੋਂ ਹਾਈ ਕੋਰਟ ’ਚ ਇੱਕ ਅਪੀਲ ਵੀ ਦਾਖਲ ਕੀਤੀ ਸੀ, ਜਿਸ ਦਾ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਪੰਜ ਹਫਤਿਆਂ ’ਚ ਚੋਣ ਕਰਵਾਉਣ ਦੇ ਆਦੇਸ਼ ਜਾਰੀ ਕਰਦਿਆਂ ਚੋਣਾਂ ਵੇਲੇ ਵੀਡੀਓਗ੍ਰਾਫੀ ਕਰਵਾਉਣ ਦੇ ਹੁਕਮ ਵੀ ਦਿੱਤੇ ਸਨ, ਪ੍ਰੰਤੂ ਤ੍ਰਸਾਦੀ ਇਹ ਰਹੀ ਕਿ ਕਾਂਗਰਸ ਪਾਰਟੀ ਨੇ ਸੱਤਾ ਦੇ ਨਸ਼ੇ ਵਿਚ ਅੱਜ ਫਿਰ ਤੀਸਰੀ ਵਾਰ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਹਨ।
ਵਿਧਾਇਕ ਇਯਾਲੀ ਨੇ ਦੋਸ਼ ਲਗਾਇਆ ਕਿ ਸੰਦੀਪ ਸੰਧੂ ਨੇ ਢਾਈ ਸਾਲਾਂ ’ਚ ਹਲਕੇ ਦਾ ਭੱਠਾ ਬਿਠਾ ਦਿੱਤਾ ਹੈ। ਕੋਈ ਚੋਣ ਭਾਵੇਂ ਉਹ ਦੁੱਧ ਸੁਸਾਇਟੀ ਦੀ ਹੋਵੇ, ਪਾਰਦਰਸ਼ੀ ਢੰਗ ਨਾਲ ਨਹੀਂ ਹੋਣ ਦਿੱਤੀ। ਉਨ੍ਹਾਂ ਆਖਿਆ ਕਿ ਇਹ ਸੁਸਾਇਟੀ ਤਿੰਨ ਪਿੰਡਾਂ ਸਵੱਦੀ ਕਲਾਂ, ਸਵੱਦੀ ਪੱਛਮੀ ਅਤੇ ਧੋਥੜ ਦੀ ਸਾਂਝੀ ਹੈ। ਚੋਣ ਨਾ ਹੋਣ ਕਾਰਨ ਇਸ ਨਾਲ ਜੁੜੇ ਕਿਸਾਨ ਖਾਦ ਆਦਿ ਦੀ ਸਮੇਂ ਸਿਰ ਸਪਲਾਈ ਨਾ ਹੋਣ ਕਾਰਨ ਪ੍ਰੇਸ਼ਾਨ ਹਨ। ਅੰਤ ਵਿੱਚ ਉਨ੍ਹਾਂ ਚੋਣ ਰੱਦ ਕਰਨ ਵਾਲੇ ਅਫ਼ਸਰਾਂ ਖ਼ਿਲਾਫ਼ ਕੋਰਟ ’ਚ ਜਾਣ ਅਤੇ ਅਜਿਹੀਆਂ ਜ਼ਿਆਦਤੀਆਂ ਲਈ ਕਾਂਗਰਸ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ। ਇਸ ਮੌਕੇ ਤਿੰਨਾਂ ਪਿੰਡਾਂ ਦੇ ਆਗੂ ਅਤੇ ਕਿਸਾਨ ਹਾਜ਼ਰ ਸਨ।