ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 9 ਦਸੰਬਰ
ਭਾਰਤ ਬੰਦ ਦੀ ਸਫ਼ਲਤਾ ਨੇ ਕਿਸਾਨਾਂ-ਮਜ਼ਦੂਰਾਂ ਵਿਚ ਹੋਰ ਜੋਸ਼ ਅਤੇ ਉਤਸ਼ਾਹ ਭਰਨ ਦਾ ਕੰਮ ਕੀਤਾ ਹੈ। ਰੇਲਵੇ ਸਟੇਸ਼ਨ ’ਤੇ ਚੱਲ ਰਹੇ ਦਿਨ ਰਾਤ ਦੇ ਧਰਨੇ ਵਿਚ ਅੱਜ ਫਿਰ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਕਿਸਾਨਾਂ ਨੇ ਦਿੱਲੀ ਹਕੂਮਤ ਲਲਕਾਰਦਿਆਂ ਕਿਹਾ ਕਿ ਉਹ ਆਪਣਾ ਹੱਕ ਲਏ ਬਿਨਾਂ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦੇਣਗੇ। ਧਰਨੇ ਵਿਚ ਲਗਾਏ ਜਾਂਦੇ ਨਾਅਰਿਆਂ ਦੀ ਆਵਾਜ਼ ਅੱਜ ਹੋਰ ਉੱਚੀ ਜਾਪਦੀ ਸੀ। ਇਨਕਲਾਬੀ ਕਵੀਸ਼ਰੀ ਜਥਿਆਂ ਨੇ ਵਾਰਾਂ ਗਾ ਕੇ ਮੋਦੀ ਹਕੂਮਤ ਨੂੰ ਹਲੂਣਾ ਦੇਣ ਦਾ ਯਤਨ ਕੀਤਾ। ਕੰਵਲਜੀਤ ਖੰਨਾ, ਹਰਬੰਸ ਅਖਾੜਾ, ਮਹਿੰਦਰ ਕਮਾਲਪੁਰਾ, ਇੰਦਰਜੀਤ ਧਾਲੀਵਾਲ, ਹਰਦੀਪ ਗਾਲਬਿ ਨੇ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ ਅਤੇ ਕਿਰਤੀਆਂ ਨੂੰ ਹੱਕਾਂ ਦੀ ਪੂਰਤੀ ਤੱਕ ਡਟੇ ਰਹਿਣ ਦਾ ਸੱਦਾ ਦਿੱਤਾ।
ਚੌਕੀਮਾਨ ਟੌਲ ਪਲਾਜ਼ੇ ’ਤੇ ਚੱਲ ਰਹੇ ਧਰਨੇ ’ਚ ਸਵੱਖਤੇ ਹੀ ਕਿਰਤੀ ਕਾਮੇ ਜੁੜਨੇ ਸ਼ੁਰੂ ਹੋ ਗਏ। ਧਰਨੇ ਵਿਚ ਸ਼ਾਮਿਲ ਕਿਸਾਨ ਬਾਬਿਆਂ, ਬੀਬੀਆਂ ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਤਨਾਮ ਮੋਰਕਰੀਮਾਂ, ਮੁਕੰਦ ਸਿੰਘ ਮਾਨ, ਗੁਰਮੁੱਖ ਸਿੰਘ, ਗਗਨ ਹੰਸਰਾ, ਪਰਮਜੀਤ ਸਿੱਧਵਾਂ ਖੁਰਦ, ਅਵਤਾਰ ਰਸੂਲਪੁਰ, ਜਗਤਾਰ ਦੇਹੜਕਾ ਨੇ ਦਿੱਲੀ ਸਰਕਾਰ ਨੂੰ ਪੰਜਾਬੀਆਂ ਦੇ ਸਿਰੜ ਤੋਂ ਅਣਜਾਣ ਦੱਸਿਆ। ਉਨ੍ਹਾਂ ਤਾੜਨਾ ਕਰਦਿਆਂ ਆਖਿਆ ਦਿੱਲੀ ਹਕਮੂਤ ਨੇ ਬਿਨਾਂ ਪੰਜਾਬੀਆਂ ਦੇ ਇਤਿਹਾਸ ਜਾਣਿਆਂ ਪੰਗਾ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕਿਰਤੀ ਆਪਣੇ ਹੱਕ ਲੈ ਕੇ ਹੀ ਘਰ ਪਰਤਣਗੇ।
ਸਮਰਾਲਾ (ਡੀਪੀਐੱਸ ਬੱਤਰਾ): ਖੇਤੀ ਕਾਲੇ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਤੋਂ ਖਫ਼ਾ ਆਮ ਲੋਕਾਂ ਅੰਦਰ ਵੀ ਗੁੱਸੇ ਦੀ ਲਹਿਰ ਫੈਲ ਗਈ ਹੈ। ਅੱਜ ਇੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਖੁੱਲ੍ਹ ਕੇ ਕਿਸਾਨਾਂ ਦੇ ਹੱਕ ਵਿੱਚ ਧਰਨੇ ਪ੍ਰਦਸ਼ਨ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੌਰਾਨ ਸਮਰਾਲਾ ਦੀ ਪਲੰਬਰ ਯੂਨੀਅਨ ਵੱਲੋਂ ਅੱਜ ਕਿਸਾਨਾਂ ਦੇ ਹੱਕ ਵਿੱਚ ਰੋਸ ਰੈਲੀ ਕੱਢਦੇ ਹੋਏ ਐਲਾਨ ਕੀਤਾ ਹੈ ਕਿ ਜੇ ਲੋੜ ਪਈ ਤਾਂ ਉਹ ਵੀ ਦਿੱਲੀ ਜਾ ਕੇ ਕਿਸਾਨਾਂ ਨਾਲ ਬੈਠਣ ਲਈ ਤਿਆਰ-ਬਰ-ਤਿਆਰ ਹਨ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਮ ਸਿੰਘ ਪੱਪੀ, ਮਨਜੀਤ ਸਿੰਘ ਮੰਗਾ, ਰਾਜ ਕੁਮਾਰ ਰਾਜੂ, ਮਨਜੀਤ ਸਿੰਘ ਮੋਨੂੰ, ਨਿੰਦਰ ਸਿੰਘ, ਸ਼ਿਵ ਕੁਮਾਰ, ਸ਼ਿਦਾ ਸਿੰਘ ਬਬਲਾ ਅਤੇ ਬਿੰਦੀ ਰੋਹਲੇ ਆਦਿ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਨਰਮ ਰੁਖ਼ ਅਪਣਾਉਂਦੇ ਹੋਏ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਵੀ ਮੰਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨੀ ਖ਼ਤਮ ਹੋ ਗਈ ਤਾਂ ਬਾਕੀ ਦੇ ਸਾਰੇ ਵਰਗ ਵੀ ਤਬਾਹ ਹੋ
ਅੱਜ ਸਮਰਾਲਾ ਵਿਚ ਵਿਦਿਆਰਥੀਆਂ ਨੇ ਵੀ ਰੈਲੀ ਕੱਢੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਅਨੂਰੀਤ ਐਜੂਕੇਸ਼ਨ ਦੇ ਡਾਇਰੈਕਟਰ ਮਨਜੀਤ ਸਿੰਘ ਚਹਿਲ ਨੇ ਨੌਜਵਾਨਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਨੂੰ ਹੋਰ ਵੀ ਤੇਜ਼ ਕਰਨ ਲਈ ਉਹ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸ਼ਾਂਤਮਈ ਕਿਸਾਨਾਂ ਖ਼ਿਲਾਫ਼ ਕੇਂਦਰ ਸਰਕਾਰ ਸਾਜ਼ਿਸ਼ਾਂ ਵਿੱਚ ਜੁੱਟੀ ਹੋਈ ਹੈ।
ਕਿਸਾਨਾ ਨੂੰ ਹੱਲਾਸ਼ੇਰੀ ਦਿੰਦਿਆਂ ਪੰਜਾਬ ਦੇ ਲੋਕ ਗਾਇਕ ਹਰਪ੍ਰੀਤ ਮਾਂਗਟ ਨੇ ਕਿਹਾ ਕਿ ਪੰਜਾਬ ਦਾ ਸਮੁੱਚਾ ਗਾਇਕ ਭਾਈਚਾਰਾ ਕਿਸਾਨਾਂ ਦੀ ਪਿੱਠ ’ਤੇ ਚਟਾਨ ਬਣ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਦੇ ਹੱਕ ਦੱਬਣ ਦੀ ਨੀਅਤ ਨਾਲ਼ ਪਾਸ ਕੀਤੇ ਗਏ ਕਾਲ਼ੇ ਕਾਨੂੰਨ ਕਿਸੇ ਵੀ ਹਾਲ ਵਿਚ ਦੇਸ਼ ਅੰਦਰ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਪਰਿਵਾਰ ਅਤੇ ਸਾਥੀਆਂ ਸਣੇ ਕੌਮੀ ਮਾਰਗ ਟੌਲ ਪਲਾਜ਼ਾ ਉੱਪਰ ਧਰਨੇ ਦੌਰਾਨ ਸ੍ਰੀ ਮਾਂਗਟ ਨੇ ਕਿਹਾ ਕਿ ਸਫ਼ਲਤਾ ਲਈ ਜੋਸ਼ ਦੇ ਨਾਲ਼-ਨਾਲ਼ ਹੋਸ਼ ਵੀ ਜ਼ਰੂਰੀ ਹੈ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਚ ਅਧਿਆਪਕ ਅਤੇ ਵਿਦਿਆਰਥੀਆਂ ਨੇ ਸਾਂਝੇ ਤੌਰ ’ਤੇ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਰੈਲੀ ਕੱਢੀ। ਸਟਾਫ਼ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਪੱਖ ਵਿਚ ਦਲੀਲਮਈ ਢੰਗ ਨਾਲ ਸੰਸਥਾ ਵੱਲੋਂ ਆਪਣਾ ਵਿਰੋਧ ਦਰਜ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਲੋਕਤੰਤਰਿਕ ਸ਼ਕਤੀਆਂ ਦੀ ਜਿੱਤ ਵਿਚ ਯਕੀਨ ਰੱਖਦਿਆਂ ਕਿਸਾਨੀ ਅੰਦੋਲਨ ਜਿੱਤ ਦੀ ਆਸ ਪ੍ਰਗਟਾਈ। ਇਸ ਮੌਕੇ ਪ੍ਰੋ. ਬਲਜੀਤ ਕੌਰ, ਬਲਜਿੰਦਰ ਸਿੰਘ, ਮਨਦੀਪ ਕੌਰ, ਗੁਰਜੀਤ ਸਿੰਘ, ਰਾਜਿੰਦਰ ਸਿੰਘ ਕੋਟ ਪਨੈਚ ਅਤੇ ਇਲਾਕਾ ਵਾਸੀ ਸ਼ਾਮਲ ਹੋਏ।
ਜਥੇਬੰਦੀਆਂ ਸਣੇ ਆਮ ਲੋਕਾਂ ਵੱਲੋਂ ਮੋਮਬੱਤੀ ਮਾਰਚ
ਗੁਰੂਸਰ ਸੁਧਾਰ (ਸੰਤੋਖ ਗਿੱਲ): ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿੰਡ ਵੜੈਚ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਧਰਮ ਸਿੰਘ ਸੂਜਾਪੁਰ ਅਤੇ ਜਸਪ੍ਰੀਤ ਸਿੰਘ ਵੜੈਚ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਆਪਣੇ ਹੰਕਾਰ ਕਾਰਨ ਕਿਸਾਨਾਂ ਦਾ ਇਮਤਿਹਾਨ ਨਾ ਲਵੇ। ਪੁਤਲਾ ਫੂਕਣ ਤੋਂ ਪਹਿਲਾਂ ਵੱਡੀ ਗਿਣਤੀ ਨੌਜਵਾਨਾਂ, ਮਰਦਾਂ ਅਤੇ ਔਰਤਾਂ ਨੇ ਨਰਿੰਦਰ ਮੋਦੀ ਦੇ ਪੁਤਲੇ ਨੂੰ ਅਰਥੀ ਦੇ ਰੂਪ ਵਿਚ ਹੇਰਾਂ-ਹਾਂਸ ਕਲਾਂ ਮੁੱਖ ਮਾਰਗ ਦੇ ਵਿਚਕਾਰ ਵੜੈਚ ਚੌਂਕ ’ਚ ਲਿਜਾ ਕੇ ਉਸ ਦਾ ਪਿੱਟ ਸਿਆਪਾ ਕੀਤਾ। ਇਸੇ ਦੌਰਾਨ ਾਕੇ ਦੀ ਠੰਢ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਪੰਜਾਬ ਸਣੇ ਦੂਜੇ ਸੂਬਿਆਂ ਦੇ ਕਿਸਾਨਾਂ ਦੀ ਹਮਾਇਤ ਵਿਚ ਕਸਬਾ ਗੁਰੂਸਰ ਸੁਧਾਰ ਵਿਚ ਹਰ ਵਰਗ ਦੇ ਲੋਕਾਂ ਵੱਲੋਂ ਭਾਰਤੀ ਹਵਾਈ ਸੈਨਾ ਦੇ ਘਰੇਲੂ ਖੇਤਰ ਤੋਂ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਤੱਕ ਮੋਮਬੱਤੀ ਮਾਰਚ ਕੀਤਾ ਗਿਆ। ਮਾਰਚ ਵਿਚ ਸ਼ਾਮਲ ਵੱਡੀ ਗਿਣਤੀ ਵਿਚ ਔਰਤਾਂ, ਮਰਦਾਂ ਅਤੇ ਨੌਜਵਾਨਾਂ ਨੇ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਰਪੰਚ ਹਰਮਿੰਦਰ ਸਿੰਘ ਗਿੱਲ ਸੁਧਾਰ, ਸਰਪੰਚ ਸੁਖਵਿੰਦਰ ਸਿੰਘ ਕਲੇਰ ਨਵੀਂ ਅਬਾਦੀ ਅਕਾਲਗੜ੍ਹ, ਮਲਕੀਤ ਸਿੰਘ ਸਿੱਧੂ, ਪ੍ਰੇਮ ਕੁਮਾਰ ਜਿੰਦਲ, ਰਕੇਸ਼ ਜੈਨ, ਕੁਲਦੀਪ ਸਿੰਘ ਭੋਲਾ, ਹਰਜਿੰਦਰ ਸਿੰਘ ਆਹਲੂਵਾਲੀਆ, ਜਸਵੰਤ ਰਾਏ ਟੀਟੂ ਸਣੇ ਇਸ ਮਾਰਚ ਵਿਚ ਵੱਖ-ਵੱਖ ਸਾਬਕਾ ਸੈਨਿਕ ਜਥੇਬੰਦੀਆਂ ਦੇ ਅਹੁਦੇਦਾਰ, ਖੇਡ ਕਲੱਬਾਂ ਦੇ ਆਗੂ, ਦੁਕਾਨਦਾਰ ਯੂਨੀਅਨਾਂ, ਪੰਚਾਇਤ ਮੈਂਬਰਾਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ।