ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਸਤੰਬਰ
‘ਅਮਰੀਕਾ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਥੇ ਵੱਸਦੇ ਭਾਰਤੀਆਂ ਵੱਲੋਂ ਅੱਜ ਕੀਤਾ ਗਿਆ ਤਿੱਖਾ ਵਿਰੋਧ ਅਤੇ ‘ਮੋਦੀ ਗੋ ਬੈਕ’ ਦੇ ਲੱਗੇ ਜ਼ੋਰਦਾਰ ਨਾਅਰੇ ਭਾਜਪਾ ਹਕੂਮਤ ਲਈ ਇਕ ਸਬਕ ਹੈ। ਜਿਸ ਤਰ੍ਹਾਂ ਅਮਰੀਕਾ ਵਸਦੇ ਭਾਰਤੀਆਂ ਦੇ ਤਿੱਖੇ ਗੁੱਸੇ ਦਾ ਸ਼ਿਕਾਰ ਮੋਦੀ ਨੂੰ ਹੋਣਾ ਪਿਆ ਉਸ ਤੋਂ ਸਾਫ ਹੈ ਕਿ ਦੁਨੀਆਂ ਭਰ ’ਚ ਵਸਦੇ ਭਾਰਤੀ ਲੋਕ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਗੁੱਸੇ ਨਾਲ ਕਿੰਨਾ ਭਰੇ ਬੈਠੇ ਹਨ। ਇਸ ਤੋਂ ਵੀ ਵੱਧ ਗੁੱਸਾ ਹੰਕਾਰੀ ਮੋਦੀ ਹਕੂਮਤ ਦੇ ਅੜੀਅਲ ਵਤੀਰੇ ਤੋਂ ਹੈ।’ ਇਹ ਪ੍ਰਗਟਾਵਾ ਅੱਜ ਇਥੇ 358ਵੇਂ ਦਿਨ ’ਚ ਦਾਖਲ ਹੋਏ ਸਥਾਨਕ ਰੇਲਵੇ ਪਾਰਕ ਕਿਸਾਨ ਮੋਰਚੇ ’ਚ ਕਿਸਾਨ ਆਗੂਆਂ ਨੇ ਕੀਤਾ। ਇਸ ਮੌਕੇ ਕਿਸਾਨਾਂ ਮਜ਼ਦੂਰਾਂ ਨੇ ਜਗਨ ਨਾਥ ਸੰਘਰਾਓ ਦੀ ਪ੍ਰਧਾਨਗੀ ਹੇਠ ਚੱਲੇ ਧਰਨੇ ’ਚ ਹਿੱਸਾ ਲਿਆ। ਲੋਕ ਆਗੂ ਕੰਵਲਜੀਤ ਖੰਨਾ ਨੇ ਧਰਨੇ ਦੌਰਾਨ ਕਿਹਾ ਕਿ ਅੱਜ ਅਮਰੀਕਾ ’ਚ ਏਅਰਪੋਰਟ ’ਤੇ ਮੋਦੀ ਦੇ ਸਵਾਗਤ ਲਈ ਕੋਈ ਭਾਰਤੀ ਪੰਜਾਬੀ ਨਾ ਪੁੱਜਾ। ਸਗੋਂ ਭਾਰਤੀਆਂ ਵਿਸ਼ੇਸ਼ਕਰ ਪੰਜਾਬੀਆਂ ਨੇ ਕਾਲੇ ਅਤੇ ਕਿਸਾਨੀ ਝੰਡੇ ਲੈ ਕੇ ਮੋਦੀ ਗੋ ਬੋਕ ਦੇ ਜ਼ੋਰਦਾਰ ਨਾਅਰੇ ਗੁੰਜਾਉਂਦਿਆ ਰੋਹ ਭਰਪੂਰ ਵਿਰੋਧ ਕੀਤਾ। ਕਿਸਾਨ ਆਗੂਆਂ ਕੁਲਵਿੰਦਰ ਸਿੰਘ ਢੋਲਣ, ਅਵਤਾਰ ਸਿੰਘ ਕੋਠੇ ਬੱਗੂ ਨੇ ਦੱਸਿਆ ਕਿ 27 ਸਤੰਬਰ ਦੇ ਭਾਰਤ ਬੰਦ ਦੀ ਸਫ਼ਲਤਾ ਲਈ ਸਾਰੇ ਹੀ ਪਿੰਡਾਂ ’ਚ ਜਥੇਬੰਦੀ ਦੀਆਂ ਇਕਾਈਆਂ ਵੱਲੋਂ ਘਰੋਂ ਘਰੀਂ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਚਕਰ, ਭੰਮੀਪੁਰਾ, ਢੋਲਣ, ਦੇਹੜਕਾ, ਗਾਲਬਿ ਕਲਾਂ, ਰੂਮੀ, ਸਿੱਧਵਾਂ ਕਲਾਂ, ਪੋਨਾ, ਮੱਲ੍ਹਾ, ਅਖਾੜਾ ਆਦਿ ਪਿੰਡਾਂ ’ਚ ਵੱਡੀਆਂ ਮੀਟਿੰਗਾਂ ਅਤੇ ਮਾਰਚ ਕੀਤੇ ਗਏ। ਕਿਸਾਨਾਂ ਨੂੰ ਦਿੱਲੀ ਮੋਰਚਿਆਂ ’ਚ ਕਾਫਲੇ ਭੇਜਣ ਅਤੇ 27 ਸਤੰਬਰ ਨੂੰ ਮੋਗਾ ਜਗਰਾਉਂ ਜੀਟੀ ਰੋਡ ’ਤੇ ਖੰਡ ਮਿੱਲ ਦੇ ਸਾਹਮਣੇ ਲਗਾਏ ਜਾ ਰਹੇ ਟ੍ਰੈਫਿਕ ਜਾਮ ਧਰਨੇ ’ਚ ਪੁੱਜਣ ਦਾ ਸੱਦਾ ਦਿੱਤਾ ਗਿਆ।