ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 24 ਦਸੰਬਰ
ਚੌਂਕੀਮਾਨ ਟੋਲ ਪਲਾਜ਼ੇ ’ਤੇ ਚੱਲ ਰਹੇ ਧਰਨੇ ’ਚ ਕਿਰਤੀ ਕਾਮੇ ਜੁੜਨੇ ਸ਼ੁਰੂ ਹੋ ਗਏ। ਧਰਨੇ ਵਿਚ ਸ਼ਾਮਲ ਕਿਸਾਨ ਬਾਬਿਆਂ, ਬੀਬੀਆਂ ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਗੁਰਮੇਲ ਭਰੋਵਾਲ, ਜੋਗਿੰਦਰ ਆਜ਼ਾਦ, ਚਰਨ ਸਰਾਭਾ, ਡਾ. ਸੁਖਦੇਵ ਭੂੰਦੜੀ, ਚਮਕੌਰ ਬਰਮੀ, ਜਗਮੇਲ ਪੱਖੋਵਾਲ, ਪਰਮਜੀਤ ਸਿੱਧਵਾਂ ਖੁਰਦ, ਅਵਤਾਰ ਰਸੂਲਪੁਰ ਤੇ ਜਗਤਾਰ ਦੇਹੜਕਾ ਨੇ ਦਿੱਲੀ ਸਰਕਾਰ ਨੂੰ ਤਾੜਨਾਂ ਕਰਦਿਆਂ ਆਖਿਆ ਕਿ ਦਿੱਲੀ ਨੇ ਗਲਤ ਥਾਂ ਪੰਗਾ ਲੈ ਲਿਆ ਹੈ। ਇਹ ਕੁਰਬਾਨੀਆਂ ਭਰੇ ਮਾਣਮੱਤੇ ਇਤਿਹਾਸ ਦੇ ਵਾਰਿਸ ਹੁਣ ਹੱਕ ਲਏ ਬਿਨਾਂ ਵਾਪਸ ਘਰਾਂ ਨੂੰ ਪਰਤਣ ਵਾਲੇ ਨਹੀਂ ਹਨ।
ਰੇਲਵੇ ਸਟੇਸ਼ਨ ’ਤੇ ਚੱਲ ਰਹੇ ਦਿਨ-ਰਾਤ ਦੇ ਧਰਨੇ ਵਿੱਚ ਅੱਜ ਫਿਰ ਪਿੰਡਾਂ ਤੋਂ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਕਿਸਾਨਾਂ ਨੇ ਦਿੱਲੀ ਹਕੂਮਤ ਨੂੰ ਦੱਸ ਦਿੱਤਾ ਹੈ ਕਿ ਉਹ ਆਪਣੇ ਨਿਸ਼ਾਨੇ ਦੀ ਪੂਰਤੀ ਤੋਂ ਬਿਨਾ ਟਿੱਕ ਕੇ ਬੈਠਣ ਵਾਲੇ ਨਹੀਂ ਹਨ। ਧਰਨੇ ਵਿੱਚ ਲਗਾਏ ਜਾਂਦੇ ਨਾਅਰਿਆਂ ਦੀ ਸੁਰ ਹੋਰ ਉੱਚੀ ਹੋ ਗਈ ਹੈ। ਇਸ ਦੌਰਾਨ ਕੰਵਲਜੀਤ ਖੰਨਾ, ਹਰਬੰਸ ਅਖਾੜਾ, ਮਹਿੰਦਰ ਕਮਾਲਪੁਰਾ, ਇੰਦਰਜੀਤ ਧਾਲੀਵਾਲ ਤੇ ਹਰਦੀਪ ਗਾਲਬਿ ਨੇ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਨੂੰ ਲਾਹਣਤਾਂ ਪਾਈਆਂ ਅਤੇ ਕਿਰਤੀਆਂ ਨੂੰ ਹੱਕਾਂ ਦੀ ਪੂਰਤੀ ਤੱਕ ਡਟੇ ਰਹਿਣ ਦਾ ਸੱਦਾ ਦਿੱਤਾ।
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਿਸਾਨ ਘੋਲ ਦੇ ਸ਼ਹੀਦ ਹੋਏ ਯੋਧਿਆਂ ਨੂੰ ਅੱਜ ਦਾਣਾ ਮੰਡੀ ਪਾਇਲ ਵਿੱਚ ਬਲਾਕ ਪੱਧਰੀ ਸ਼ਹੀਦੀ ਸਮਾਗਮ ਦੌਰਾਨ ਕਿਸਾਨ ਆਗੂਆਂ ਵੱਲੋਂ ਸ਼ਰਧਾਜ਼ਲੀਆਂ ਭੇਟ ਕੀਤੀਆਂ ਗਈਆਂ। ਇਸ ਦੌਰਾਨ ਵੱਡੀ ਗਿਣਤੀ ਔਰਤਾਂ-ਮਰਦਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਪ੍ਰਧਾਨ ਮੰਰਤੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸ਼ਹੀਦੀ ਸਮਾਗਮ ਵਿੱਚ ਵੱਡੀ ਗਿਣਤੀ ਕਿਸਾਨ-ਮਜ਼ਦੂਰ ਅਤੇ ਔਰਤਾਂ ਨੇ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਅਹਿਦ ਲੈਂਦਿਆਂ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਘੋਲ ਵਿੱਚ ਡਟੇ ਰਹਿਣ ਦਾ ਪ੍ਰਣ ਕੀਤਾ। ਕਿਸਾਨ ਆਗੂ ਰਮਨਦੀਪ ਸਿੰਘ ਘਲੋਟੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 26-27 ਦਸੰਬਰ ਨੂੰ ‘ਦਿੱਲੀ ਚੱਲੋ’ ਕਾਫਲਿਆਂ ਨੂੰ ਮਿਸਾਲੀ ਬਣਾਉਣ ਖਾਤਰ ਬੀੜਾ ਚੁੱਕਿਆ ਗਿਆ ਹੈ। ਹਰ ਪਿੰਡ ਵਿੱਚੋਂ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਤੇ ਗੱਡੀਆਂ ਵਿੰਚ ਖਨੌਰੀ ਬਾਰਡਰ ਰਾਹੀਂ ਦਿੱਲੀ ਜਾਣਗੇ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੌਰਾਨ ਆਪਣੀਆਂ ਕੀਮਤੀ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸਥਾਨਕ ਅਨਾਜ ਮੰਡੀ ਵਿੱਚ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਨੂੰ ਕਿਸਾਨ ਆਗੂ ਮਨਜੀਤ ਸਿੰਘ ਬੁਢੇਲ, ਮਾਸਟਰ ਚਰਨ ਸਿੰਘ ਨੂਰਪੁਰਾ ਤੇ ਜਰਨੈਲ ਸਿੰਘ ਆਦਿ ਨੇ ਸੰਬੋਧਨ ਕੀਤਾ।
ਦਿੱਲੀ ਮੋਰਚੇ ’ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸਮਾਗਮਾਂ ਲਈ ਜਥਾ ਰਵਾਨਾ
ਜਗਰਾਉਂ (ਪੱਤਰ ਪ੍ਰੇਰਕ): ਨਵੇਂ ਖੇਤੀ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਜ਼ਾਨਾ ਵਿਧਾਨ ਸਭਾ ਹਲਕਾ ਜਗਰਾਉਂ ਅਤੇ ਦਾਖਾ ਦੇ ਪਿੰਡਾਂ ’ਚੋਂ ਵੱਡੇ ਜਥੇ ਨਿਰੰਤਰ ਦਿੱਲੀ ਮੋਰਚੇ ਲਈ ਰਵਾਨਾ ਹੋ ਰਹੇ ਹਨ। ਇਸੇ ਲੜੀ ਤਹਿਤ ਪਿੰਡ ਰਸੂਲਪੁਰ ਦੇ ਮਜ਼ਦੂਰਾਂ ਤੇ ਕਿਸਾਨਾਂ ਦਾ ਜਥਾ ਲੋਕ ਆਗੂ ਅਵਤਾਰ ਰਸੂਲਪੁਰ, ਤਰਲੋਚਨ ਝੋਰੜਾਂ ਤੇ ਹਰਦੇਵ ਮੋਰ ਦੀ ਪ੍ਰੇਰਨਾ ਸਦਕਾ ਦਿੱਲੀ ਮੋਰਚੇ ’ਚ ਸਿੱਖ ਕੌਮ ਦੇ ਮਹਾਨ ਸ਼ਹੀਦ ਚਾਰੋਂ ਸਹਬਿਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਪਿਤ ਹੋ ਰਹੇ ਖ਼ਾਸ ਸਮਾਗਮ ’ਚ ਸ਼ਿਰਕਤ ਕਰਨ ਲਈ ਇੱਥੋਂ ਰਵਾਨਾ ਹੋਇਆ। ਜਥੇ ’ਚ ਸ਼ਾਮਲ ਇਨਕਲਾਬੀ ਕਵੀਸ਼ਰੀ ਜਥੇ ਦੇ ਤੁਰਨ ਤੋਂ ਪਹਿਲਾਂ ਇਨਕਲਾਬੀ ਵਾਰਾਂ ਗਾ ਕੇ ਜਥੇ ’ਚ ਸ਼ਾਮਲ ਲੋਕਾਂ ’ਚ ਜੋਸ਼ ਭਰਨ ਦਾ ਕੰਮ ਕੀਤਾ ਗਿਆ। ਹਾਜ਼ਰ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਖੇਡੀਆਂ ਜਾ ਰਹੀਆਂ ਚਾਲਾਂ ਦਾ ਵਿਰੋਧ ਕਰਦਿਆਂ ਹੱਕਾਂ ਦੀ ਪ੍ਰਾਪਤੀ ਲਈ ਹਰ ਕੁਰਬਾਨੀ ਦੇਣ ਦਾ ਆਹਿਦ ਲਿਆ।