ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 6 ਜਨਵਰੀ
ਚੌਂਕੀਮਾਨ ਟੋਲ ਅਤੇ ਰੇਲਵੇ ਸਟੇਸ਼ਨ ਧਰਨਿਆਂ ’ਚ ਕਿਰਤੀ ਪਰਿਵਾਰਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋ ਰਿਹਾ ਹੈ। ਇੱਕ ਅਕਤੂਬਰ ਤੋਂ ਸ਼ੁਰੂ ਹੋਏ ਇਹ ਧਰਨੇ 99 ਦਿਨ ਪੂਰੇ ਕਰ ਗਏ ਹਨ । ਅੱਜ ਬੀਕੇਯੂ(ਡਕੌਂਦਾ),ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਪੰਜ ਮੈਂਬਰਾਂ ਕਰਮ ਸਿੰਘ, ਪਲਵਿੰਦਰ ਸਿੰਘ, ਗੁਰਦੀਪ ਸਿੰਘ, ਪ੍ਰੀਤਮ ਸਿੰਘ, ਰਜਿੰਦਰ ਸਿੰਘ ਨੇ ਭੁੱਖ ਹੜਤਾਲ ’ਤੇ ਬੈਠ ਕੇ ਸੰਘਰਸ਼ੀ ਪਿੜ੍ਹ ’ਚ ਆਪਣੀ ਹਾਜ਼ਰੀ ਲਵਾਈ। ਨੇੜਲੇ ਪਿੰਡ ਮਲਕ ਤੋਂ ਧਰਨੇ ਵਿੱਚ ਪੁੱਜੀਆਂ ਤਿੰਨ ਛੋਟੀਆਂ ਬੱਚੀਆਂ ਅਮਨਜੋਤ, ਗੁਰਮਨਜੀਤ ਅਤੇ ਪਨਵੀਰ ਨੇ ਮੌਜੂਦਾ ਹਾਲਾਤ ’ਤੇ ਚਾਨਣਾ ਪਾਉਂਦੇ ਗੀਤਾਂ ਦੀ ਪੇਸ਼ਕਾਰੀ ਕੀਤੀ। ਇੱਥੇ ਦੇ ਮੁਹੱਲਾ ਮੁਕੰਦਪੁਰੀ ਵਿੱਚ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਕਾਰਕੁਨਾਂ ਦੀ ਸੰਘਰਸ਼ ਨੂੰ ਲੈ ਕੇ ਪ੍ਰਧਾਨ ਕਰਨੈਲ ਸਿੰਘ, ਮਦਨ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੌਕੇ ਔਰਤਾਂ ਤੇ ਮਰਦਾਂ ਨੇ ਤਕੜੇ ਹੋ ਕੇ ਸੰਘਰਸ਼ ਦਾ ਹਿੱਸਾ ਬਣਨ ਅਤੇ ਪਿੰਡ-ਪਿੰਡ ਲਾਮਬੰਦ ਹੋਣ ਦਾ ਅਹਿਦ ਲਿਆ ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਸਾਨ ਧਰਨੇ ਦੌਰਾਨ ਸੱਤ ਸਾਲ ਦੀ ਮਾਸੂਮ ਬੱਚੀ ਸੁਰੀਤ ਕੌਰ ਜਦੋਂ ਸੁਰਜੀਤ ਪਾਤਰ ਅਤੇ ਸੰਤ ਰਾਮ ਉਦਾਸੀ ਵਰਗੇ ਵੱਡੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਸੁਣਉਂਦੀ ਹੈ ਤਾਂ ਕਿਲ੍ਹਾ ਰਾਏਪੁਰ ਵਿਚ ਅਡਾਨੀ ਦੀ ਖ਼ੁਸ਼ਕ ਬੰਦਰਗਾਹ ਦੇ ਸਾਹਮਣੇ ਧਰਨੇ ’ਤੇ ਬੈਠੇ ਕਿਸਾਨਾਂ ਦਾ ਜੋਸ਼ ਦੁੱਗਣਾ ਹੋ ਜਾਂਦੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਅਤੇ ਭਰਾਤਰੀ ਜਥੇਬੰਦੀਆਂ ਦਾ ਧਰਨਾ ਅੱਜ ਵੀ ਕਿਲ੍ਹਾ ਰਾਏਪੁਰ ਵਿਚ ਜਾਰੀ ਰਿਹਾ। ਬੀਬੀ ਪਰਮਜੀਤ ਕੌਰ, ਜਸਪ੍ਰੀਤ ਕੌਰ, ਰਜਿੰਦਰ ਕੌਰ, ਗੁਰਮੀਤ ਕੌਰ ਦੀ ਅਗਵਾਈ ਵਿਚ ਕਿਸਾਨ ਧਰਨੇ ਨੂੰ ਸਾਬਕਾ ਵਿਧਾਇਕ ਤਰਸੇਮ ਜੋਧਾਂ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾਈ ਜਨਰਲ ਸਕੱਤਰ ਡਾਕਟਰ ਜਸਵਿੰਦਰ ਸਿੰਘ ਕਾਲਖ, ਜਗਤਾਰ ਸਿੰਘ ਚਕੋਹੀ ਨੇ ਸੰਬੋਧਨ ਕਰਦਿਆਂ ਕਿਹਾ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਬਿਨਾਂ ਕੁੱਝ ਵੀ ਮਨਜ਼ੂਰ ਨਹੀਂ।
ਸਾਹਿਤਿਕ ਇਕੱਤਰਤਾ ’ਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ
ਦੋਰਾਹਾ (ਪੱਤਰ ਪ੍ਰੇਰਕ): ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਇਕੱਤਰਤਾ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਸਭਾ ਦੀ ਲਾਇਬ੍ਰੇਰੀ ਪਿੰਡ ਰਾਮਪੁਰ ਵਿੱਚ ਹੋਈ। ਇਸ ਵਿਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ ਵਿਚਾਰਾਂ ਕਰਦਿਆਂ ਹਾਜ਼ਰ ਲੇਖਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ ਦਿਨਾਂ ਤੋਂ ਦਿੱਲੀ ਬਾਰਡਰ ’ਤੇ ਡੇਰਾ ਲਾਈ ਬੈਠੇ ਕਿਸਾਨਾਂ ਦੀ ਗੱਲ ਸੁਣੀ ਜਾਵੇ ਤੇ ਲੋਕ ਹਿੱਤ ਵਿਚ ਸਹੀ ਫੈਸਲਾ ਜਲਦੀ ਲਿਆ ਜਾਵੇ। ਇਸ ਮੌਕੇ ਰਚਨਾਵਾਂ ਦੇ ਦੌਰ ਵਿਚ ਅਨਿਲ ਫਤਿਹਗੜ੍ਹ ਜੱਟਾਂ ਨੇ ‘ਸੱਭ ਕੁੱਝ ਪੁਰਾਣਾ ਹੈ’ (ਨਵੇਂ ਸਾਲ ਦੇ ਸੰਧਰਵ ਬਾਰੇ), ਸ਼ਾਇਰਾ ਨੀਤੂ ਰਾਮੁਪੁਰ ਨੇ ‘ਰਾਹ ਦਸੇਰਾ’, ਜਸਵੀਰ ਝੱਜ ਨੇ ‘ਜੇਰਾ’ (ਕਿਸਾਨ ਅੰਦੋਲਨ ਦੇ ਤੜਪ ਦੀ ਵਿੱਥਿਆ) ਕਵਿਤਾ, ਆਜ਼ਾਦ ਵਿਸਮਾਦ ‘ਅਕਲ ਨਾ ਤੈਨੂੰ ਆਈ ਮੋਦੀਆ’, ਹਰਬੰਸ ਮਾਲਵਾ ‘ਅਸੀਂ ਲੜਾਂਗੇ ਤਲੀ ਤੇ ਸੀਸ ਧਰ ਹਾਕਮਾਂ’, ਬਲਵੰਤ ਮਾਂਗਟ ‘ਨੀ ਚਰਖੇ ਦੀ ਤੰਦ ਵਰਗੀਏ’ (ਜੀਵਨ-ਮੌਤ ਦੇ ਰਹੱਸ ਬਾਰੇ) ਗੀਤ, ਭੁਪਿੰਦਰ ਡਿਓਟ ਨੇ ਲੇਖ ‘ਪੰਜਾਬ ਦੀ ਧੜਕਨ ਲੋਕ ਗੀਤ’ ਸੁਣਾਏ। ਪੜ੍ਹੀਆਂ-ਸੁਣੀਆਂ ਰਚਨਾਵਾਂ ਤੇ ਰਚਨਾਕਾਰਾਂ ਦੇ ਨਾਲ ਸੁਰਿੰਦਰ ਰਾਮਪੁਰੀ, ਗੁਰਭਗਤ ਸਿੰਘ, ਗੁਰਦੇਵ ਸਿੰਘ ਤੇ ਭੁਪਿੰਦਰ ਸਿੰਘ ਨੇ ਟਿੱਪਣੀਆਂ ਕੀਤੀਆਂ। ਅੰਤ ਵਿਚ ਸਰਬਸੰਮਤੀ ਨਾਲ ਵਿਸ਼ੇਸ਼ ਮਤਾ ਪਾ ਕੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਮੋਟਰਸਾਈਕਲਾਂ ’ਤੇ ਇਨਕਲਾਬੀ ਮਾਰਚ ਅੱਜ
ਲੁਧਿਆਣਾ (ਖੇਤਰੀ ਪ੍ਰਤੀਨਿਧ): ਇਨਕਲਾਬੀ ਕੇਂਦਰ ਪੰਜਾਬ (ਇਕਾਈ ਲੁਧਿਆਣਾ) ਦੀ ਮੀਟਿੰਗ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਹੋਈ।ਸਕੱਤਰ ਸਤੀਸ਼ ਸੱਚਦੇਵਾ ਨੇ ਦੱਸਿਆ ਕਿ ਇਸ ਮੌਕੇ ਦਿੱਲੀ ਵਿੱੱਚ ਚੱਲ ਰਹੇ ਦੇਸ਼ ਵਿਆਪੀ ਕਿਸਾਨ-ਮਜ਼ਦੂਰ ਸੰਘਰਸ਼ ਦੀ ਹਮਾਇਤ ਵਿੱਚ 7 ਜਨਵਰੀ ਨੂੰ ਯਾਦਗਾਰ ਤੋਂ ਮੋਟਰ-ਸਾਈਕਲਾਂ, ਸਕੂਟਰਾਂ ’ਤੇ ਕਾਫ਼ਲਾ ਚੱਲੇਗਾ ਜੋ 4 ਪਿੰਡਾਂ ਸੁਨੇਤ, ਥਰੀਕੇ, ਝਾਂਡੇ ਅਤੇ ਬੱਦੋਵਾਲ ਵਿੱਚ ਮੁਜ਼ਾਹਰਾ ਕਰੇਗਾ। ਕਿਸਾਨ ਜੱਥੇਬੰਦੀਆਂ ਵੱਲੋਂ ਦਿੱਲੀ ਦੀਆਂ ਹੱਦਾਂ ’ਤੇ 7 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦੇ ਪ੍ਰੋਗਰਾਮ ਨੂੰ ਪਿੰਡਾਂ ਤੱਕ ਪਹੁੰਚਾਉਣ ਲਈ ਇਹ ਉਪਰਾਲਾ ਕੀਤਾ ਜਾਵੇਗਾ। ਮੀਟਿੰਗ ਵਿੱਚ ਡਾ. ਹਰਬੰਸ ਸਿੰਘ ਗਰੇਵਾਲ਼, ਸਤਨਾਮ ਸਿੰਘ, ਡਾ. ਮੋਹਨ ਸਿੰਘ, ਠੇਕੇਦਾਰ ਵਿਨੋਦ ਕੁਮਾਰ, ਐਡਵੋਕੇਟ ਹਰਪ੍ਰੀਤ ਜੀਰਖ ਸ਼ਾਮਲ ਸਨ।
ਦਿੱਲੀ ਕਿਸਾਨ ਮੋਰਚੇ ਲਈ ਕਿਤਾਬਾਂ ਦੀ ਦੂਜੀ ਖੇਪ ਭੇਜੀ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਪੱਖੋਵਾਲ ਅਤੇ ਕੈਲਗਰੀ ਵੱਲੋਂ ਸਹਿਯੋਗੀ ਸੱਜਣਾਂ ਦੀ ਸਹਾਇਤਾ ਨਾਲ ਚਾਰ ਲੱਖ ਰੁਪਏ ਮੁੱਲ ਦੀਆਂ ਕਿਤਾਬਾਂ ਦੀ ਦੂਸਰੀ ਖੇਪ ਦਿੱਲੀ ਕਿਸਾਨ ਮੋਰਚੇ ਲਈ ਸਿੰਘੂ ਅਤੇ ਟਿਕਰੀ ਬਾਰਡਰ ਲਈ ਰਵਾਨਾ ਕੀਤੀ ਗਈ। ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਪੱਖੋਵਾਲ ਦੇ ਸੰਚਾਲਕ ਮਾਸਟਰ ਹਰੀਸ਼ ਮੋਦਗਿਲ ਨੇ ਦੱਸਿਆ ਕਿ ਮੋਰਚੇ ਵਿਚ ਚੱਲ ਰਿਹਾ ਕਿਤਾਬਾਂ ਦਾ ਲੰਗਰ ਲਗਾਤਾਰ ਜਾਰੀ ਰੱਖਣ ਲਈ ਸਾਹਿਤਕਾਰ ਗੁਰਬਚਨ (ਫ਼ਿਲਹਾਲ ਮੈਗਜ਼ੀਨ), ਪੱਤਰਕਾਰ ਦਲਜੀਤ ਅਮੀ, ਮਾਸਟਰ ਹਰਭਗਵਾਨ (ਡਾ.) ਬਰਨਾਲਾ, ਗੁਰਦੀਪ ਗੋਸਲ ਵੱਲੋਂ ਯੋਗਦਾਨ ਪਾਇਆ ਗਿਆ ਹੈ। ਪ੍ਰੋਫੈਸਰ ਜਗਤਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਐੱਮਐੱਲ ਗਰਗ ਚੰਡੀਗੜ੍ਹ, ਮਾਸਟਰ ਲਾਭ ਸਿੰਘ, ਮਾਸਟਰ ਚਰਨਜੀਤ ਫੱਲੇਵਾਲ਼, ਬਲਜਿੰਦਰ ਸਿੰਘ ਗਰੇਵਾਲ਼, ਨੌਜਵਾਨ ਭਾਰਤ ਸਭਾ ਦੇ ਆਗੂ ਕੁਲਵਿੰਦਰ ਸਿੰਘ ਦੀ ਮੌਜੂਦਗੀ ਵਿਚ ਨਾਅਰਿਆਂ ਦੌਰਾਨ ਕਿਤਾਬਾਂ ਦੀ ਦੂਜੀ ਗੱਡੀ ਕਿਸਾਨ ਮੋਰਚੇ ਲਈ ਰਵਾਨਾ ਕੀਤੀ।
ਖੇਤੀ ਕਾਨੂੰਨਾਂ ਖ਼ਿਲਾਫ਼ ਖੰਨਾ ’ਚ ਕਿਸਾਨਾਂ ਵੱਲੋਂ ਟਰੈਕਟਰ ਰੈਲੀ
ਖੰਨਾ( ਜੋਗਿੰਦਰ ਸਿੰਘ ਓਬਰਾਏ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਅਰੰਭਿਆ ਸੰਘਰਸ਼ 98ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਲਗਾਤਾਰ ਜਾਰੀ ਹੈ। ਭੁੱਖ ਹੜਤਾਲ ਦੇ 50ਵੇਂ ਦਿਨ ਰਛਪਾਲ ਸਿੰਘ ਮਾਨ ਤੇ ਜਰਨੈਲ ਸਿੰਘ ਸੋਟੀ ਬੈਠੇ। ਅੱਜ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸੈਂਕੜੇ ਨੌਜਵਾਨਾਂ ਤੇ ਬਜ਼ੁਰਗਾਂ ਨੇ ਟਰੈਕਟਰ ਰੋਸ ਰੈਲੀ ਕੱਢਦਿਆਂ ਮੋਦੀ ਸਰਕਾਰ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਏ। ਇਹ ਰੈਲੀ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਅਤੇ ਪਿੰਡਾਂ ਤੋਂ ਹੁੰਦੀ ਹੋਈ ਰੇਲਵੇ ਸਟੇਸ਼ਨ ’ਤੇ ਆ ਕੇ ਸਮਾਪਤ ਹੋਈ। ਇਸ ਮੌਕੇ ਬੋਲਦਿਆਂ ਗੁਰਦੀਪ ਸਿੰਘ ਭੱਟੀ ਤੇ ਕਸ਼ਮੀਰਾ ਸਿੰਘ ਨੇ ਕਿਸਾਨਾਂ ਨੂੰ ਦਿੱਲੀ ਵਿੱਚ 26 ਜਨਵਰੀ ਨੂੰ ਕਿਸਾਨ ਗਣਤੰਤਰ ਪਰੇਡ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸ੍ਰੀ ਬੈਨੀਪਾਲ ਨੇ ਕਿਹਾ ਕਿ ਦੇਸ਼ ਦਾ ਕਿਸਾਨ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਨੂੰ ਦੇਸ਼ ਲਈ ਅੰਨ ਪੈਦਾ ਕਰਨ ਵਾਲੇ ਕਿਸਾਨਾਂ ਦੀ ਕੋਈ ਚਿੰਤਾ ਨਹੀਂ। ਇਸ ਮੌਕੇ ਹਰਵਿੰਦਰ ਸਿੰਘ ਰਹੋਣ, ਜਸਬੀਰ ਸਿੰਘ ਚੀਮਾ, ਸੁਖਦੀਪ ਸਿੰਘ, ਹਵਾ ਸਿੰਘ, ਹਰਮੇਸ਼ ਸਿੰਘ, ਜ਼ੋਰਾਵਰ ਸਿੰਘ, ਪ੍ਰਦੀਪ ਸਿੰਘ, ਅਮਰਜੀਤ ਸਿੰਘ, ਸਤਿੰਦਰ ਸਿੰਘ, ਦੀਦਾਰ ਸਿੰਘ ਹਾਜ਼ਰ ਸਨ।