ਜੋਗਿੰਦਰ ਸਿੰਘ ਓਬਰਾਏ
ਖੰਨਾ, 2 ਅਕਤੂਬਰ
ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਅਮਿਤ ਤਿਵਾੜੀ ਤੇ ਹਲਕਾ ਪ੍ਰਧਾਨ ਅੰਕਿਤ ਸ਼ਰਮਾ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਸਾਹਮਣੇ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਆਗੂ ਅਜੇ ਸੂਦ ਦੀ ਦੁਕਾਨ ਅੱਗੇ ਨਰਿੰਦਰ ਮੋਦੀ ਦਾ ਪੁਤਲਾ ਫੂਕਦੇ ਹੋਏ ਟਾਇਰਾਂ ਨੂੰ ਅੱਗ ਲਾਈ ਗਈ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਭਾਜਪਾ ਆਗੂ ਸੂਦ ਨੇ ਇਸ ਨੂੰ ਹੋਛੀ ਰਾਜਨੀਤੀ ਕਰਾਰ ਦਿੱਤਾ।
ਇਸ ਮੌਕੇ ਸ੍ਰੀ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੀ ਕਿਸਾਨੀ ਵੀ ਤਬਾਹ ਕਰਨਗੇ ਅਤੇ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤੱਕ ਕਾਂਗਰਸ ਵਰਕਰ ਕਿਸਾਨ ਸੰਘਰਸ਼ ਦੀ ਡੱਟ ਕੇ ਹਮਾਇਤ ਕਰਨਗੇ। ਉਨ੍ਹਾਂ ਹਾਥਰਸ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਵਿੱਚ ਕੇਸ ਚਲਾ ਕੇ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਭਾਜਪਾ ਆਗੂ ਆਪਣੇ ਅਹੁਦਿਆਂ ਨੂੰ ਇੱਕ ਪਾਸੇ ਛੱਡ ਕੇ ਉਕਤ ਘਟਨਾ ਲਈ ਜ਼ੁੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਗੇ ਆਉਣ।
ਅੰਕਿਤ ਸ਼ਰਮਾ ਨੇ ਮੰਗ ਕੀਤੀ ਕਿ ਕਿਸਾਨਾਂ ਵਿਰੋਧੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਵਾਲੇ ਯੂਥ ਕਾਂਗਰਸ ਪੰਜਾਬ ਦੇ ਇੰਚਾਰਜ ਬੰਟੀ ਲੋਕੇਸ਼, ਬਰਿੰਦਰ ਢਿੱਲੋਂ ਖਿਲਾਫ਼ ਦਰਜ ਕੀਤੇ ਮਾਮਲੇ ਦਿੱਲੀ ਸਰਕਾਰ ਤੁਰੰਤ ਵਾਪਸ ਲਵੇ। ਇਸ ਮੌਕੇ ਸਾਬਕਾ ਕੌਂਸਲਰ ਗੁਰਮੀਤ ਨਾਗਪਾਲ, ਅਮਰੀਸ਼ ਕਾਲੀਆ, ਹਰਦੀਪ ਸਿੰਘ ਨੀਨੂੰ, ਸੋਨੂੰ ਸੋਫਤ, ਰਾਜੇਸ਼ ਕੁਮਾਰ ਮੇਸ਼ੀ ਨੇ ਵੀ ਆਪਣੇ ਵਿਚਾਰ ਰੱਖੇ।
ਦੂਜੇ ਪਾਸੇ ਇਸ ਸਬੰਧੀ ਭਾਜਪਾ ਦੇ ਉੱਘੇ ਆਗੂ ਅਜੇ ਸੂਦ ਨੇ ਕਿਹਾ ਕਿ ਯੂਥ ਕਾਂਗਰਸ ਵਰਕਰ ਹੋਛੀ ਰਾਜਨੀਤੀ ’ਤੇ ਉਤਰ ਆਏ ਹਨ। ਰੋਸ ਪ੍ਰਗਟਾਵੇ ਦੌਰਾਨ ਹਰ ਪਾਰਟੀ ਪੁਤਲੇ ਫੂਕ ਰਹੀ ਹੈ, ਪਰ ਖੰਨਾ ਵਿੱਚ ਟਾਇਰਾਂ ਨੂੰ ਅੱਗ ਲਾਉਣ ਨਾਲ ਇਹ ਕੀ ਸੰਦੇਸ਼ ਦੇਣਾ ਚਾਹੁੰਦੇ ਹਨ। ਇਸ ਨਾਲ ਸ਼ਹਿਰ ਵਿਚ ਪ੍ਰਦੂਸ਼ਣ ਵੀ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਹੈ ਕਿ ਇਸ ਦੇ ਆਗੂਆਂ ਨੇ 1984 ’ਚ ਬੇਦੋਸ਼ੇ ਲੋਕਾਂ ਦੇ ਗਲਾਂ ’ਚ ਟਾਇਰ ਪਾ ਕੇ ਸਾੜੇ ਸਨ ਅਤੇ ਹੁਣ ਅਜਿਹਾ ਕਰਕੇ ਕਾਂਗਰਸ ਫਿਰ ਮਾਹੌਲ ਨੂੰ ਖ਼ਰਾਬ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਨਵੇਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਜੇਕਰ ਕਿਸਾਨ ਆਗੂਆਂ ਨੂੰ ਇਸ ਸਬੰਧੀ ਕੋਈ ਇਤਰਾਜ਼ ਹੈ ਤਾਂ ਕੇਂਦਰੀ ਖੇਤੀ ਮੰਤਰੀ ਜਾਂ ਹੋਰ ਅਧਿਕਕਾਰੀਆਂ ਰਾਹੀਂ ਬਿੱਲ ਵਿਚ ਸੋਧ ਕਰਵਾਉਣ। ਉਨ੍ਹਾਂ ਹਾਥਰਸ ਵਿਚ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ।
ਭਾਜਪਾ ਕਿਸਾਨ ਮੋਰਚੇ ਦੇ ਪ੍ਰਧਾਨ ਦੇ ਘਰ ਅੱਗੇ ਧਰਨਾ ਜਾਰੀ
ਪਾਇਲ (ਦੇਵਿੰਦਰ ਸਿੰਘ ਜੱਗੀ): 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਸੱਦੇ ਤਹਿਤ ਅੱਜ ਦੂਸਰੇ ਦਿਨ ਭਾਜਪਾ ਦੇ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਪਾਇਲ ਦੇ ਘਰ ਅੱਗੇ ਧਰਨਾ ਦਿੱਤਾ ਗਿਆ। ਕਿਸਾਨਾਂ ਵੱਲੋਂ ਮੋਦੀ ਦਾ ਪੁਤਲਾ ਫੂਕ ਕੇ ਰੋਸ ਜ਼ਾਹਰ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ ਅਤੇ ਰਵਨਦੀਪ ਸਿੰਘ ਘਲੋਟੀ ਨੇ ਕਿਹਾ ਕਿ ਇਹ ਆਰਡੀਨੈਂਸ ਪਹਿਲਾਂ ਕਾਗਰਸ ਲੈ ਕੇ ਆਈ ਸੀ ਅਤੇ ਹੁਣ ਭਾਜਪਾ ਸਰਕਾਰ ਤਾਨਸ਼ਾਹੀ ਨਾਲ ਲਾਗੂ ਕਰਨ ਜਾ ਰਹੀ ਹੈ। ਧਰਨੇ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਜਸਵਿੰਦਰ ਸਿੰਘ ਦੋਰਾਹਾ, ਸਰਬਜੀਤ ਸਿੰਘ ਘੁਡਾਣੀ, ਤਰਸੇਮ ਲਾਲ, ਬਲਰਾਜ ਸਿੰਘ, ਰਾਜਵੀਰ ਸਿੰਘ, ਕੁਲਵੰਤ ਸਿੰਘ ਤਰਕ, ਹਰਮਿੰਦਰ ਸਿੰਘ ਕੂਹਲੀ, ਸੁਰਿੰਦਰ ਸਿੰਘ ਚਾਪੜਾ, ਗੁਰੀ ਰਾਣੋ, ਜਗਦੇਵ ਸਿੰਘ ਨਸਰਾਲੀ, ਅਵਤਾਰ ਸਿੰਘ ਬਾਬਰਪੁਰ, ਟਹਿਲ ਸਿੰਘ ਦੁਧਾਲ, ਹਰਪਾਲ ਸਿੰਘ, ਜਗਵੰਤ ਸਿੰਘ ਘਣਗਸ, ਲਾਡੀ ਬੁਆਣੀ ਤੇ ਹਰਦੇਵ ਸਿੰਘ ਨਿਜ਼ਾਮਪੁਰ ਹਾਜ਼ਰ ਸਨ।