ਸੰਤੋਖ ਗਿੱਲ
ਗੁਰੂਸਰ ਸੁਧਾਰ, 8 ਜੂਨ
ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਨੇ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੜੀਵਾਰ ਧਰਨੇ ਨੂੰ ਸੰਬੋਧਨ ਕਰਦਿਆਂ ਅੰਦੋਲਨਕਾਰੀ ਕਿਸਾਨ ਆਗੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕਿਸਾਨ ਆਗੂਆਂ ਨੂੰ ਬਿਨਾ ਸ਼ਰਤ ਰਿਹਾਅ ਕਰਨ ਅਤੇ ਕੇਸ ਵਾਪਸ ਲੈਣ ਨਾਲ ਕਿਸਾਨਾਂ ਦੀ ਸ਼ਾਨਦਾਰ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਅੰਦੋਲਨਕਾਰੀਆਂ ਅੱਗੇ ਝੁਕ ਕੇ ਲੋਕ ਵਿਰੋਧੀ ਫ਼ੈਸਲੇ ਤੋਂ ਪਿਛੇ ਹਟਣਾ ਪਿਆ ਹੈ, ਉਸੇ ਤਰ੍ਹਾਂ ਕੇਂਦਰ ਸਰਕਾਰ ਨੂੰ ਵੀ ਵਿਵਾਦਿਤ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ ਅਤੇ ਕਿਸਾਨਾਂ ਦੀ ਜਿੱਤ ਯਕੀਨੀ ਹੈ। ਲੜੀਵਾਰ ਧਰਨੇ ਦੀ ਅਗਵਾਈ ਅਮਨਦੀਪ ਕੌਰ, ਮਹਿੰਦਰ ਕੌਰ ਅਤੇ ਸੁਖਵਿੰਦਰ ਕੌਰ ਨੇ ਕੀਤੀ।
ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਭਲਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ। ਹੋਰਨਾਂ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਦੀ ਆਗੂ ਕੁਲਜੀਤ ਕੌਰ ਗਰੇਵਾਲ, ਜਸਪ੍ਰੀਤ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਬਲਦੇਵ ਸਿੰਘ ਧੂਰਕੋਟ, ਚਮਕੌਰ ਸਿੰਘ ਛਪਾਰ, ਸਾਬਕਾ ਕੌਂਸਲਰ ਹਰਭਜਨ ਸਿੰਘ ਸੰਦੀਲਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਵੀ ਸੰਬੋਧਨ ਕੀਤਾ।
ਉੱਧਰ, ਲੁਧਿਆਣਾ ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ਉੱਪਰ ਵੀ ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਧਰਨਾ ਜਾਰੀ ਰਿਹਾ।
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਥੇ ਰੇਲਵੇ ਸਟੇਸ਼ਨ ’ਤੇ ਸ਼ਾਂਤਮਈ ਸੰਘਰਸ਼ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਕੋਟ ਪਨੈਚ ਅਤੇ ਪ੍ਰਗਟ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕਰਨ ਅਤੇ ਕਾਰਪੋਰੇਟ ਜਗਤ ਨੂੰ ਫਾਇਦਾ ਦੇਣ ਲਈ ਬਣਾਏ ਕਿਰਤ ਕਾਨੂੰਨਾਂ ਵਿਰੋਧ ਕਰਦਿਆਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਸਿਰਫ਼ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੀ ਹੈ ਅਤੇ ਆਮ ਲੋਕਾਂ ਤੇ ਲਗਾਤਾਰ ਜ਼ੁਲਮ ਢਾਹੇ ਜਾ ਰਹੇ ਹਨ। ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਇਸ ਕਾਰਪੋਰੇਟ ਸਿਸਟਮ ਖ਼ਿਲਾਫ਼ ਸੰਘਰਸ਼ ਦਾ ਸਾਥ ਦਿੱਤਾ ਜਾਵੇ ਖੇਤੀ ਕਾਨੂੰਨਾਂ ਦੀ ਮਾਰ ਘਰ ਦੇ ਚੁੱਲ੍ਹੇ ਤੱਕ ਪਹੁੰਚੇਗੀ। ਇਸ ਮੌਕੇ ਸੁਖਦੇਵ ਸਿੰਘ, ਸੁਖਵੰਤ ਸਿੰਘ, ਪਰਮਜੀਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
ਮੂੰਗੀ ਖ਼ਰੀਦ ’ਚ ਵਪਾਰੀਆਂ ਦੀ ਲੁੱਟ ਰੋਕਣ ਦੀ ਮੰਗ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਇੱਥੇ ਰੇਲਵੇ ਪਾਰਕ ’ਚ ਚੱਲਦੇ ਕਿਸਾਨ ਸੰਘਰਸ਼ ਮੋਰਚੇ ਦੇ 251ਵੇਂ ਦਿਨ ਅੱਜ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਦਰਸ਼ਨ ਸਿੰਘ ਗਾਲਬਿ, ਇੰਦਰਜੀਤ ਸਿੰਘ ਧਾਲੀਵਾਲ, ਹਰਨੇਕ ਸਿੰਘ ਕਾਉਂਕੇ, ਕੰਵਲਜੀਤ ਖੰਨਾ ਨੇ ਕਿਹਾ ਕਿ ਘਰ ਘਰ ਨੌਕਰੀ ਦੇਣ ਦੇ ਵਾਅਦੇ ਕਰਨ ਵਾਲੇ ਕਾਂਗਰਸੀ ਮੁੱਖ ਮੰਤਰੀ ਕੋਲ ਹੁਣ ਨੌਜਵਾਨਾਂ ਦੇ ਗੋਡੇ ਗਿੱਟੇ ਭੰਨ੍ਹਣ ਤੋਂ ਬਿਨਾਂ ਕੋਈ ਕੰਮ ਨਹੀਂ ਹੈ। ਉਨ੍ਹਾਂ ਪਟਿਆਲਾ ਵਿਚ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ’ਤੇ ਪੰਜਾਬ ਪੁਲੀਸ ਵੱਲੋਂ ਲਾਠੀਚਾਰਜ ਕਰਨ ਦੀ ਨਿਖੇਧੀ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੋਦੀ ਵਾਂਗ ਕਬਰਾਂ ਦਾ ਰਾਹ ਫੜ ਲਿਆ ਹੈ। ਉਨ੍ਹਾਂ ਕੈਪਟਨ ਹਕੂਮਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਸ ਨੂੰ ਹਰਿਆਣੇ ਦੇ ਹਿਸਾਰ ਅਤੇ ਟੋਹਾਣਾ ’ਚ ਪੁਲੀਸ ਪ੍ਰਸ਼ਾਸਨ ਨਾਲ ਹੋਈ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਗ੍ਰਿਫ਼ਤਾਰ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਅਨਾਜ ਮੰਡੀਆਂ ’ਚ ਵਪਾਰੀਆਂ ਵੱਲੋਂ ਗਰੁੱਪ ਬਣਾ ਕੇ 1100 ਰੁਪਏ ਘਟਾ ਕੇ ਖ਼ਰੀਦੀ ਜਾ ਰਹੀ ਮੂੰਗੀ ਦੇ ਮਾਮਲੇ ’ਚ ਪ੍ਰਸ਼ਾਸਨ ਤੋਂ ਇਸ ਲੁੱਟ ਨੂੰ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਵਪਾਰੀ ਗਰੁੱਪ ਬਣਾ ਕੇ ਇਸੇ ਤਰ੍ਹਾਂ ਕਿਸਾਨਾਂ ਦੀ ਲੁੱਟ ਕਰਦੇ ਹਨ। ਇਸੇ ਲਈ ਸੰਯੁਕਤ ਕਿਸਾਨ ਮੋਰਚਾ ਫ਼ਸਲਾਂ ’ਤੇ ਘੱਟੋ ਘੱਟ ਸਮੱਰਥਨ ਮੁੱਲ ਦੀ ਗਾਰੰਟੀ ਮੰਗ ਰਿਹਾ ਹੈ ਜਿਸ ਤੋਂ ਮੋਦੀ ਸਰਕਾਰ ਭੱਜ ਰਹੀ ਹੈ। ਧਰਮ ਸਿੰਘ ਸੂਜਾਪੁਰ ਨੇ ਦੱਸਿਆ ਕਿ ਭਲਕੇ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਬਲੀਦਾਨ ਦਿਵਸ ਮਨਾਇਆ ਜਾਵੇਗਾ।