ਸੰਤੋਖ ਗਿੱਲ
ਗੁਰੂਸਰ ਸੁਧਾਰ, 13 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗ਼ਾਲਬਿ ਨੇ ਦੱਸਿਆ ਕਿ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਕਿਸਾਨੀ ਨੂੰ ਬਰਬਾਦ ਕਰਨ, ਜ਼ਮੀਨਾਂ ਉੱਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਕਰਾਉਣ ਲਈ ਲਿਆਂਦੇ ਤਿੰਨ ਖੇਤੀ ਆਰਡੀਨੈਂਸਾਂ ਖ਼ਿਲਾਫ਼ 14 ਸਤੰਬਰ ਨੂੰ ਪੰਜਾਬ ਵਿੱਚ ਪੰਜ ਥਾਵਾਂ ’ਤੇ ਬਗ਼ਾਵਤ ਦਾ ਐਲਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਬਰਨਾਲਾ, ਮੋਗਾ, ਪਟਿਆਲਾ, ਫਗਵਾੜਾ ਤੇ ਅੰਮ੍ਰਿਤਸਰ ’ਚ ਹੋ ਰਹੀਆਂ ਪੰਜ ਕਿਸਾਨ ਲਲਕਾਰ ਰੈਲੀਆਂ ਵਿਚ ਸੂਬੇ ਦੇ ਹਜ਼ਾਰਾਂ ਕਿਸਾਨ ਭਾਗ ਲੈਣਗੇ।
ਉਨ੍ਹਾਂ ਦੱਸਿਆ ਕਿ ਜਥੇਬੰਦੀ ਨੇ ਪਿਛਲੇ 10 ਦਿਨਾਂ ਵਿਚ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ, ਸੁਧਾਰ, ਜਗਰਾਉਂ, ਸਿਧਵਾਂ ਬੇਟ, ਹੰਬੜਾਂ ਬਲਾਕਾਂ ਵਿਚ ਕਿਸਾਨਾਂ ਦੀ ਲਾਮਬੰਦੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂਆਂ ਨੇ ਪੰਜ ਬਲਾਕਾਂ ਦੇ ਕਰੀਬ 100 ਪਿੰਡਾਂ ਵਿਚ ਜਨਤਕ ਮੀਟਿੰਗਾਂ ਰਾਹੀਂ ਮੋਦੀ ਹਕੂਮਤ ਦੇ ਕਿਸਾਨੀ ਉੱਪਰ ਕੀਤੇ ਜਾ ਰਹੇ ਹਮਲਿਆਂ ਖ਼ਿਲਾਫ਼ ਸੁਚੇਤ ਕੀਤਾ। ਭਲ਼ਕੇ ਲੁਧਿਆਣਾ ਜ਼ਿਲ੍ਹੇ ਵਿੱਚੋਂ 80 ਦੇ ਕਰੀਬ ਗੱਡੀਆਂ ਰਾਹੀਂ ਕਿਸਾਨ ਬਰਨਾਲਾ ਰੈਲੀ ‘ਚ ਭਾਗ ਲੈਣਗੇ।
ਸੜਕਾਂ ਜਾਮ ਕਰਨ ਦੀਆਂ ਤਿਆਰੀਆਂ ਮੁਕੰਮਲ: ਲੱਖੋਵਾਲ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਭਾਰਤੀ ਕਿਸਾਨ ਯੂਨੀਅਨ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਖ਼ਿਲਾਫ਼ 15 ਸਤੰਬਰ ਨੂੰ 12 ਤੋਂ 2 ਵਜੇ ਤੱਕ ਪੰਜਾਬ ਦੀਆਂ ਪ੍ਰਮੁੱਖ ਸੜਕਾਂ ਜਾਮ ਕਰਨ ਲਈ ਸਾਰੇ ਜ਼ਿਲ੍ਹਿਆਂ ਵਿਚ ਤਿਆਰੀਆਂ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਇਸ ਰੋਸ ਧਰਨੇ ਪ੍ਰਤੀ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ’ਚ ਭਾਰੀ ਉਤਸ਼ਾਹ ਹੈ ਕਿਉਂਕਿ ਹੁਣ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਲੱਖੋਵਾਲ ਨੇ ਕਿਹਾ ਕਿ 15 ਸਤੰਬਰ ਨੂੰ ਸੜਕਾਂ ਜਾਮ ਕਰਨ ਵਾਲਾ ਰੋਸ ਪ੍ਰਦਰਸ਼ਨ ਸਰਕਾਰਾਂ ਦੀਆਂ ਜੜ੍ਹਾਂ ਹਿਲਾ ਦੇਵੇਗਾ। ਸ੍ਰੀ ਲੱਖੋਵਾਲ ਨੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਦੇ ਨਾਲ-ਨਾਲ ਵਪਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੰਘਰਸ਼ ’ਚ ਵੱਧ ਚੜ੍ਹ ਕੇ ਸ਼ਿਰਕਤ ਕਰਨ।