ਪੱਤਰ ਪ੍ਰੇਰਕ
ਜਗਰਾਉਂ, 3 ਅਪਰੈਲ
ਪੰਜਾਬ ਨੈਸ਼ਨਲ ਬੈਂਕ ਦੇ ਛੇ ਏਅਰਕੰਡੀਸ਼ਨਰਾਂ ਦੇ ਕੰਪਰੈਸਰ ਚੋਰੀ ਹੋ ਜਾਣ ਦੇ ਦੋਸ਼ ਹੇਠ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਬਾਰੇ ਹੈਰਾਨੀ ਉਦੋਂ ਹੋਈ ਜਦੋਂ ਨਾ ਤਾਂ ਬੈਂਕ ਦੇ ਅਧਿਕਾਰੀਆਂ ਅਤੇ ਨਾ ਹੀ ਅਮਲੇ ਨੂੰ ਕੰਪਰੈਸਰਾਂ ਦੇ ਚੋਰੀ ਹੋਣ ਦਾ ਪਤਾ ਸੀ। ਇਸ ਸਬੰਧੀ ਖੁਲਾਸਾ ਗਰਮੀ ਸ਼ੁਰੂ ਹੋਣ ਵੇਲੇ ਸਰਵਿਸ ਕਰਵਾਉਣ ਲਈ ਸੱਦੇ ਗਏ ਮਕੈਨਿਕਾਂ ਤੋਂ ਲੱਗਾ।
ਮੈਨੇਜਰ ਸੁਲੱਖਣ ਸਿੰਘ ਵਾਸੀ ਪਿੰਡ ਕੰਗ (ਫਿਲੌਰ) ਜਲੰਧਰ ਨੇ ਪੁਲੀਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗਰਮੀਆਂ ਸ਼ੁਰੂ ਹੋਣ ਕਾਰਨ ਉਨ੍ਹਾਂ 6 ਏਅਰਕੰਡੀਸ਼ਨਰਾਂ ਦੀ ਸਰਵਿਸ ਕਰਵਾਉਣ ਲਈ ਮਕੈਨਿਕ ਨੂੰ ਬੁਲਾਇਆ। ਬੈਂਕ ਅੰਦਰ ਲੱਗੇ ਹਵਾ ਦੇਣ ਵਾਲੇ ਸੈੱਟਾਂ ਦੀ ਸਫ਼ਾਈ ਕਰਨ ਉਪਰੰਤ ਜਦੋਂ ਮਕੈਨਿਕ ਬੈਂਕ ਦੀ ਛੱਤ ’ਤੇ ਚੜ੍ਹੇ ਤਾਂ ਦੇਖਿਆ ਕਿ ਉਪਰ ਰੱਖੇ ਛੇ ਕੰਪਰੈਸਰ ਗਾਇਬ ਸਨ। ਚੋਰਾਂ ਨੇ ਨਾਲ ਹੀ ਸਾਰੀਆਂ ਤਾਰਾਂ ਤੇ ਹੋਰ ਸਾਮਾਨ ਵੀ ਚੋਰੀ ਕਰ ਲਿਆ ਹੈ।
ਇਸ ਸਬੰਧੀ ਬੈਂਕ ਅਧਿਕਾਰੀ ਸੁਲੱਖਣ ਸਿੰਘ ਨੇ ਦੱਸਿਆ ਕਿ ਕੰਪਰੈਸਰ ਅਤੇ ਹੋਰ ਸਾਮਾਨ ਕਾਫੀ ਸਮਾਂ ਪਹਿਲਾਂ ਦਾ ਚੋਰੀ ਹੋਇਆ ਜਾਪਦਾ ਹੈ। ਉਨ੍ਹਾਂ ਪੁਲੀਸ ਦੀ ਹਾਜ਼ਰੀ ’ਚ ਸ਼ੱਕ ਜ਼ਾਹਰ ਕੀਤਾ ਕਿ ਚੋਰਾਂ ਵੱਲੋਂ ਸਾਰਾ ਸਾਮਾਨ ਬੈਂਕ ਦੀ ਬਿਲਡਿੰਗ ਦੇ ਨਾਲ ਲੱਗਦੇ ਮਕਾਨਾਂ ਰਾਹੀਂ ਚੋਰੀ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਏਐੱਸਆਈ ਰਾਜਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਾਲ ਦੀ ਘੜੀ ਚੋਰੀ ਦਾ ਮਾਮਲਾ ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਕੀਤਾ ਗਿਆ ਹੈ ਜਦਕਿ ਅਸਲੀ ਮੁਲਜ਼ਮਾਂ ਦੀ ਸ਼ਨਾਖਤ ਲਈ ਯਤਨ ਆਰੰਭੇ ਜਾਣਗੇ।