ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਮਈ
ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ਨੇੜਲੇ ਕੁਝ ਪਿੰਡਾਂ ਨੂੰ ਕਿਸਾਨ ਸੰਘਰਸ਼ ਦੌਰਾਨ ਟੌਲ ਮੁਕਤ ਕਰਵਾਇਆ ਗਿਆ ਸੀ। ਉਸ ਵੇਲੇ ਬੋਪਾਰਾਏ ਕਲਾਂ ਪਿੰਡ ਦਾ ਨਾਂ ਵੀ ਟੌਲ ਮੁਕਤ ਪਿੰਡਾਂ ਦੀ ਸੂਚੀ ’ਚ ਸੀ ਪਰ ਕਿਸੇ ਤਰ੍ਹਾਂ ਇਹ ਪਿੰਡ ਬਾਹਰ ਰਹਿ ਗਿਆ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਇਸ ਪਿੰਡ ਨੂੰ ਵੀ ਟੌਲ ਮੁਕਤ ਕਰਵਾਉਣਾ ਦਾ ਬੀੜਾ ਚੁੱਕਿਆ ਅਤੇ ਹੁਣ ਇਹ ਪਿੰਡ ਵੀ ਟੌਲ ਨੇੜਲੇ ਮੁਫ਼ਤ ਲਾਂਘੇ ਵਾਲੇ ਪਿੰਡਾਂ ’ਚ ਸ਼ਾਮਲ ਹੋ ਗਿਆ ਹੈ। ਜਥੇਬੰਦੀ ਦਾ ਵਫ਼ਦ ਅੱਜ ਉਚੇਚੇ ਤੌਰ ’ਤੇ ਨਵੀਂ ਟੌਲ ਕੰਪਨੀ ਰਾਜਰਾਮ ਦੇ ਮਾਲਕ ਰਾਜੂ ਸਿਹਾਗ ਅਤੇ ਡਿਪਟੀ ਮੈਨੇਜਰ ਪਵਨ ਨੂੰ ਮਿਲਿਆ। ਵਫ਼ਦ ਦੀ ਅਗਵਾਈ ਕਰਦਿਆਂ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ ਮਨਮੋਹਣ ਸਿੰਘ ਪੰਡੋਰੀ ਤੇ ਸਹਾਇਕ ਸਕੱਤਰ ਜਥੇਦਾਰ ਰਣਜੀਤ ਸਿੰਘ ਗੁੜੇ ਨੇ ਠੋਸ ਦਲੀਲਾਂ, ਨਿੱਗਰ ਸਬੂਤ ਤੇ ਤਹਿਸ਼ੁਦਾ ਕਿਲੋਮੀਟਰਾਂ ਦੀ ਦੂਰੀ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕੀਤੇ। ਨਵੀਂ ਟੌਲ ਕੰਪਨੀ ਚੌਕੀਮਾਨ ਦੇ ਮਾਲਕ ਤੇ ਡਿਪਟੀ ਮੈਨੇਜਰ ਨੇ ਵਫ਼ਦ ਦੇ ਹੱਕੀ ਪੱਖ ਨੂੰ ਪ੍ਰਵਾਨ ਕਰਦੇ ਹੋਏ ਬੋਪਾਰਾਏ ਕਲਾਂ ਪਿੰਡ ਨੂੰ 17ਵੇਂ ਨੰਬਰ ’ਤੇ ਮੁੜ ਬਹਾਲ ਕਰਕੇ ਟੌਲ ਮੁਕਤ ਕਰਨ ਦੀ ਮੰਗ ਮੰਨ ਲਈ। ਵਫ਼ਦ ਨੇ ਪਿੰਡ ਪੰਡੋਰੀ ਤੇ ਮੰਡਿਆਣੀ ਨੂੰ ਵੀ ਟੌਲ-ਮੁਕਤ ਕਰਨ ਦੀ ਮੰਗ ਵੀ ਤਰਕਪੂਰਨ ਢੰਗ ਨਾਲ ਉਠਾਈ ਜਿਸ ਬਾਰੇ ਕੰਪਨੀ ਨੇ ਵਿਚਾਰ ਕਰਨ ਉਪਰੰਤ ਫ਼ੈਸਲਾ ਕਰਨ ਬਾਰੇ ਆਖਿਆ।