ਨਿੱਜੀ ਪੱਤਰ ਪ੍ਰੇਰਕ
ਖੰਨਾ, 6 ਅਕਤੂਬਰ
ਇੱਥੇ ਅਕਾਲੀ ਦਲ ਨੇ ਨਗਰ ਕੌਂਸਲ ’ਚ ਗੜਬੜੀਆਂ ਦੇ ਦੋਸ਼ ਲਾਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕੌਂਸਲ ਦੇ ਮੀਤ ਪ੍ਰਧਾਨ ਅਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਨਜ਼ਦੀਕੀ ਜਤਿੰਦਰ ਪਾਠਕ ’ਤੇ ਬੇਨਾਮੀ ਠੇਕੇ ਲੈਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰ ਦੇ ਨਾਂ ’ਤੇ ਲੇਬਰ ਸਪਲਾਈ ਦੇ ਠੇਕੇ ਜਤਿੰਦਰ ਪਾਠਕ ਚਲਾ ਰਿਹਾ ਹੈ, ਜਿਸ ਦੀ ਜਾਂਚ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸ਼ਿਕਾਇਤ ਵੀ ਭੇਜੀ ਗਈ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਠੇਕਿਆਂ ਰਾਹੀਂ ਕਰੋੜਾਂ ਰੁਪਏ ਦੇ ਘੁਟਾਲੇ ਦੀ ਸ਼ੰਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਤਿੰਦਰ ਪਾਠਕ ਨੇ ਠੇਕੇ ਇੱਕ ਫਰਮ ਜੇ ਬੀ ਸ਼ਰਮਾ ਐਂਡ ਕੰਪਨੀ ਦੇ ਨਾਂ ’ਤੇ ਲਏ ਹੋਏ ਹਨ, ਜਿਸ ਦਾ ਜੀਐੱਸਟੀ ਨੰਬਰ ਉਸ ਦੇ ਘਰ ਦੇ ਪਤੇ ’ਤੇ ਲਿਆ ਗਿਆ ਹੈ।
ਸ੍ਰੀ ਯਾਦੂ ਨੇ ਕਿਹਾ ਕਿ ਇੰਜ ਠੇਕਾ ਲੈਣਾ ਗੈਰਕਾਨੂੰਨੀ ਹੈ। ਕੌਂਸਲਰ ਸਰਬਦੀਪ ਸਿੰਘ ਕਾਲੀਰਾਓ ਨੇ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਹੀ ਫਰਜ਼ੀ ਕੰਪਨੀਆਂ ਬਣਾ ਕੇ ਘਪਲੇ ਕੀਤੇ ਜਾ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਕੌਂਸਲ ਦੇ ਮੀਤ ਪ੍ਰਧਾਨ ਜਤਿੰਦਰ ਪਾਠਕ ਨੇ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਜਲਦੀ ਹੀ ਸੱਚਾਈ ਸਭ ਦੇ ਸਾਹਮਣੇ ਲਿਆਂਦੀ ਜਾਵੇਗੀ।