ਜੋਗਿੰਦਰ ਸਿੰਘ ਓਬਰਾਏ
ਖੰਨਾ, 27 ਮਈ
ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੀ ਚੋਣ ਮੁਹਿੰਮ ਨੂੰ ਉਦੋਂ ਸਿਆਸੀ ਝਟਕਾ ਲੱਗਿਆ ਜਦੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਜੀਤ ਸਿੰਘ ਭਾਟੀਆ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸ੍ਰੀ ਭਾਟੀਆ ਦਾ ਸਿਰੋਪਾਓ ਪਾ ਕੇ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਮਿਹਨਤੀ ਆਗੂਆਂ ਦਾ ਆਪ ਵਿਚ ਪੂਰਾ ਮਾਣ ਸਨਮਾਨ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਭਾਟੀਆ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਵੱਲੋਂ ਖੰਨਾ ਵਿਖੇ ਕੀਤੀ ਗਈ ‘ਪੰਜਾਬ ਬਚਾਓ’ ਰੈਲੀ ਤੋਂ ਹੀ ਨਰਾਜ਼ ਚਲੇ ਆ ਰਹੇ ਸਨ ਕਿਉਂਕਿ ਕਿਸੇ ਰੁਝੇਵੇਂ ਕਾਰਨ ਸ੍ਰੀ ਬਾਦਲ ਉਨ੍ਹਾਂ ਵੱਲੋਂ ਰੱਖੇ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕੇ, ਜਿਸ ਦੇ ਰੋਸ ਵਜੋਂ ਉਨ੍ਹਾਂ ਆਪਣੀ ਪਾਰਟੀ ਦਾ ਪੱਲ੍ਹਾ ਛੱਡ ਦਿੱਤਾ। ਸ੍ਰੀ ਭਾਟੀਆ ਨੇ ਕਿਹਾ ਕਿ ਉਹ ਆਪ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ ਅਤੇ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ।
ਵਿਧਾਇਕ ਸੌਂਦ ਨੇ ਕਿਹਾ ਕਿ ਆਪ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ਆਪ ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ ਅਤੇ ਭਾਟੀਆ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਆਪ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਜਗਤਾਰ ਸਿੰਘ, ਸੁਨੀਲ ਕੁਮਾਰ, ਅਮਰਦੀਪ ਸਿੰਘ ਆਦਿ ਹਾਜ਼ਰ ਸਨ।
ਪਿੰਡ ਅਸਗਰੀਪੁਰ ਤੋਂ ਅਕਾਲੀ ਦਲ ਦੀ ਪੰਚਾਇਤ ‘ਆਪ’ ’ਚ ਸ਼ਾਮਲ
ਵਿਧਾਨ ਸਭਾ ਹਲਕਾ ਖੰਨਾ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਦੋਂ ਨੁਕਸਾਨ ਹੋਇਆ ਜਦੋਂ ਨੇੜਲੇ ਪਿੰਡ ਅਸਗਰੀਪੁਰ ਦੀ ਅਕਾਲੀ ਦਲ ਦੀ ਸਾਰੀ ਪੰਚਾਇਤ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਈ। ਵਿਧਾਇਕ ਸੌਂਦ ਨੇ ਪੰਚਾਇਤ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਇਕ ਇਕ ਵਾਅਦਾ ਪੂਰਾ ਕੀਤਾ ਹੈ ਅਤੇ ਮਹਿਲਾਵਾਂ ਨੂੰ ਮਿਲਣ ਵਾਲੀ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਕੀਮ ਵੀ ਜਲਦ ਸ਼ੁਰੂ ਕੀਤੀ ਜਾਵੇਗਾ। ਇਸ ਮੌਕੇ ਸਵਰਨਜੀਤ ਸਿੰਘ ਸੋਨੀ ਪੰਚ, ਹਰਦੀਪ ਸਿੰਘ ਦੀਪਾ, ਗੁਰਜੀਤ ਸਿੰਘ, ਰਵੀ ਪੰਚ, ਬਲਕਾਰ ਸਿੰਘ, ਜਗਦੇਵ ਸਿੰਘ, ਪਰਵਾਜ਼ ਚੀਮਾ, ਹਰਪਾਲ ਸਿੰਘ, ਨਰਪਿੰਦਰ ਚੀਮਾ, ਹਰਜੀਤ ਸਿੰਘ, ਰਣ ਸਿੰਘ, ਜੀਵਨ ਸਿੰਘ, ਅਵਤਾਰ ਸਿੰਘ ਨੇ ਕਿਹਾ ਕਿ ਉਹ ਆਪ ਦੀਆਂ ਲੋਕਪੱਖੀ ਨੀਤੀਆਂ ਨੂੰ ਦੇਖਦੇ ਹੋਏ ਪਾਰਟੀ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ਅਮਰਦੀਪ ਸਿੰਘ ਪੁਰੇਵਾਲ, ਮਨਰੀਤ ਸਿੰਘ ਨਾਗਰਾ, ਪਰਮਪ੍ਰੀਤ ਸਿੰਘ ਪੌਂਪੀ, ਜਗਤਾਰ ਸਿੰਘ ਗਿੱਲ, ਲਛਮਣ ਸਿੰਘ ਗਰੇਵਾਲ ਹਾਜ਼ਰ ਸਨ।