ਗੁਰਿੰਦਰ ਸਿੰਘ
ਲੁਧਿਆਣਾ, 22 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕਿਹਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਝੂਠ ਤੋਂ ਪਰਦਾ ਲਾਹੁਣ ਲਈ ਘਰ ਘਰ ਜਾਣ ਅਤੇ ਲੋਕਾਂ ਨੂੰ ਇਸ ਪਾਰਟੀ ਦੇ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਫ਼ੈਸਲਿਆਂ ਬਾਰੇ ਜਾਗਰੂਕ ਕਰਨ।
ਉਹ ਅੱਜ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਜੱਥੇਦਾਰ ਹਰਭਜਨ ਸਿੰਘ ਡੰਗ ਦੇ ਗ੍ਰਹਿ ਵਿਖੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਝੂਠੇ ਵਾਅਦਿਆਂ ਅਤੇ ਦਾਅਵਿਆਂ ਦੇ ਸਿਰ ’ਤੇ ਸਰਕਾਰ ਬਣਾ ਲਈ ਸੀ, ਪਰ ਇਸ ਸਰਕਾਰ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ, ਜੋ ਲੋਕ ਪੱਖੀ ਹੋਵੇ।
ਜੱਥੇਦਾਰ ਡੰਗ ਅਤੇ ਸਾਥੀਆਂ ਨੇ ਸ੍ਰ ਬਾਦਲ ਦਾ ਜ਼ੋਰਦਾਰ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ। ਉਨ੍ਹਾਂ ਸ੍ਰ ਬਾਦਲ ਨੂੰ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਅਕਾਲੀ ਰਾਜ ਦੀਆਂ ਪ੍ਰਾਪਤੀਆਂ ਅਤੇ 13 ਨੁਕਾਤੀ ਪ੍ਰੋਗਰਾਮ ਬਾਰੇ ਘਰ ਘਰ ਜਾ ਕੇ ਜਾਣਕਾਰੀ ਦੇਣਗੇ ਤਾਂ ਜੁ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਾ ਕੇ ਪੰਜਾਬ ਵਿੱਚ ਵਿਕਾਸ ਦੇ ਪਹੀਏ ਨੂੰ ਪਟੜੀ ’ਤੇ ਲਿਆਂਦਾ ਜਾ ਸਕੇ।
ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਹਰੀਸ਼ ਰਾਏ ਢਾਂਡਾ, ਪ੍ਰਿਤਪਾਲ ਸਿੰਘ ਪ੍ਰਧਾਨ, ਰਣਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਗਰੇਵਾਲ, ਪਰਉਪਕਾਰ ਸਿੰਘ ਘੁੰਮਣ, ਬਾਬਾ ਅਜੀਤ ਸਿੰਘ, ਹਰਚਰਨ ਸਿੰਘ ਗੋਹਲਵੜੀਆ, ਜੱਥੇਦਾਰ ਅਵਤਾਰ ਸਿੰਘ ਬਿੱਟਾ, ਕਮਲ ਚੇਤਲੀ, ਆਰਡੀ ਸ਼ਰਮਾ, ਜੀਵਨ ਧਵਨ, ਗੁਰਦੀਪ ਸਿੰਘ ਗੋਸ਼ਾ, ਕੁਲਜੀਤ ਸਿੰਘ ਧੰਜਲ, ਰਾਣੀ ਧਾਲੀਵਾਲ ਆਦਿ ਵੀ ਹਾਜ਼ਰ ਸਨ।
ਸੁਖਬੀਰ ਬਾਦਲ ਨੇ ਸਨਮਾਨਿਤ ਕਰਕੇ ਦਲ ਵਿੱਚ ਕੀਤਾ ਸ਼ਾਮਲ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਇਸਤਰੀ ਅਕਾਲੀ ਦਲ ਦੀ ਸਾਬਕਾ ਜਨਰਲ ਸਕੱਤਰ ਬੀਬੀ ਚਰਨਜੀਤ ਕੌਰ ਗਿੱਲ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਅੱਜ ਐਡਵੋਕੇਟ ਹਰੀਸ਼ ਰਾਏ ਢਾਂਡਾ ਦੀ ਅਗਵਾਈ ਹੇਠ ਮੀਟਿੰਗ ਦੌਰਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਗਿੱਲ ਨੂੰ ਸਨਮਾਨਿਤ ਕਰਕੇ ਪਾਰਟੀ ਵਿੱਚ ਰਸਮੀ ਤੌਰ ਤੇ ਸ਼ਾਮਲ ਕੀਤਾ। ਬੀਬੀ ਗਿੱਲ ਨੇ ਕਿਹਾ ਕਿ ਉਹ ਪਾਰਟੀ ਆਗੂਆਂ ਨਾਲ ਗਿਲੇ ਸ਼ਿਕਵਿਆਂ ਕਾਰਨ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਚਲੇ ਗਏ ਸਨ ਪਰ ਹੁਣ ਉਨ੍ਹਾਂ ਦੀ ਘਰ ਵਾਪਸੀ ਹੋਣ ਤੇ ਉਹ ਖੁਸ਼ ਹਨ ਕਿਉਂਕਿ ਅਕਾਲੀ ਦਲ ਉਨ੍ਹਾਂ ਦੀ ਮਾਂ ਪਾਰਟੀ ਹੈ ਜਿਸ ਵਿੱਚ ਉਨ੍ਹਾਂ ਲੰਮਾ ਸਮਾਂ ਕੰਮ ਕੀਤਾ ਹੈ।