ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਮਈ
ਇਥੇ ਬੱਦੋਵਾਲ ਦੀ ਇੱਕ ਅਧਿਆਪਕਾ ਨੇ ਡਿਪਟੀ ਡੀਈਓ ਵੱਲੋਂ ਜ਼ੂਮ ਮੀਟਿੰਗਾਂ ਦੌਰਾਨ ਕਥਿਤ ਤੌਰ ’ਤੇ ਵਾਰ ਵਾਰ ਬੇਇੱਜ਼ਤ ਕਰਨ ਦੀ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ। ਅਧਿਆਪਕਾ ਨੇ ਕਿਹ ਕਿ ਉਸ ਨੂੰ ਸਕੂਲ ਵਿੱਚ ਦਾਖਲਾ ਵਧਾਉਣ ਦੇ ਨਾਂ ’ਤੇ ਮੀਟਿੰਗ ਦੌਰਾਨ ਜ਼ਲੀਲ ਕੀਤਾ ਗਿਆ, ਜਿਸ ਦਾ ਉਸ ਦੀ ਮਾਨਸਿਕ ਸਥਿਤੀ ’ਤੇ ਡੂੰਘਾ ਅਸਰ ਪਿਆ ਹੈ। ਮੁੱਖ ਮੰਤਰੀ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ, ਚੀਫ ਸਕੱਤਰ ਅਤੇ ਡੀਪੀਆਈ ਐਲੀਮੈਂਟਰੀ ਨੂੰ ਕੀਤੀ ਸ਼ਿਕਾਇਤ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੱਦੋਵਾਲ ਦੀ ਹੈੱਡ ਟੀਚਰ ਕਰਨਜੀਤ ਕੌਰ ਨੇ ਦੋਸ਼ ਲਾਇਆ ਕਿ ਪਿਛਲੀ ਜ਼ੂਮ ਮੀਟਿੰਗ ਵਿੱਚ ਡਿਪਟੀ ਡੀਈਓ ਐਲੀਮੈਂਟਰੀ ਕੁਲਦੀਪ ਸਿੰਘ ਵੱਲੋਂ ਉਸ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਇਸ ਮੀਟਿੰਗ ਵਿੱਚ ਬਲਾਕ-2 ਦੇ ਵੱਖ-ਵੱਖ ਸਕੂਲਾਂ ਦੇ ਕਰੀਬ 300 ਅਧਿਆਪਕ ਮੌਜੂਦ ਸਨ। ਉਸ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਵੱਲੋਂ ਸਕੂਲ ਵਿਚ ਦਾਖਲਿਆਂ ਸਬੰਧੀ ਉਨ੍ਹਾਂ ਦਾ ਪੱਖ ਸੁਣਨ ਦੀ ਬਜਾਏ ਬਿਨਾਂ ਵਜ੍ਹਾ ਦਬਾਅ ਬਣਾਇਆ ਜਾ ਰਿਹਾ ਸੀ। ਉਸ ਨੇ ਦੋਸ਼ ਲਾਇਆ ਕਿ ਅਧਿਕਾਰੀ ਦੇ ਇਸ ਰਵੱਈਏ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਇਸ ਅਧਿਆਪਕਾ ਨੇ ਦਾਅਵਾ ਕੀਤਾ ਕਿ ਪਿੰਡ ਵਿੱਚ ਚਾਰ ਸਰਕਾਰੀ ਪ੍ਰਾਇਮਰੀ ਸਕੂਲ ਹੋਣ ਦੇ ਬਾਵਜੂਦ ਸਮੂਹ ਸਟਾਫ, ਐੱਸਐੱਮਸੀ ਕਮੇਟੀ ਅਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਸਕੂਲ ਵਿੱਚ 188 ਵਿਦਿਆਰਥੀ ਹੋ ਗਏ ਹਨ।
ਡਿਪਟੀ ਡੀਈਓ ਨੇ ਦੋਸ਼ ਨਕਾਰੇ
ਡਿਪਟੀ ਡੀਈਓ ਕੁਲਦੀਪ ਸਿੰਘ ਸੈਣੀ ਨੇ ਕਿਹਾ ਕਿ ਅਧਿਆਪਕਾ ਵੱਲੋਂ ਲਾਏ ਦੋਸ਼ਾਂ ਨੂੰ ਉਹ ਸਿਰੇ ਤੋਂ ਨਿਕਾਰਦੇ ਹਨ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਉਹ ਤਿਆਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਧਿਆਪਕਾ ਸਨਕੀ ਕਿਸਮ ਦੀ ਔਰਤ ਹੈ ਅਤੇ ਇਸ ਦਾ ਸਕੂਲ ਸਟਾਫ ਨਾਲ ਵੀ ਝਗੜਾ ਰਹਿੰਦਾ ਹੈ। ਜਦੋਂ ਦੀ ਇਹ ਹੈੱਡ ਟੀਚਰ ਬਣੀ ਹੈ, ਸਕੂਲ ਵਿੱਚ ਵਿਦਿਆਰਥੀਆਂ ਦਾ ਦਾਖਲਾ ਨਹੀਂ ਵਧਿਆ ਜਦਕਿ ਪਿੰਡ ਦੇ ਹੋਰ ਸਕੂਲਾਂ ਦਾ ਦਾਖਲਾ ਕਈ ਗੁਣਾ ਵਧ ਹੋ ਗਿਆ ਹੈ।