ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੁਲਾਈ
ਥਾਣਾ ਜਮਾਲਪੁਰ ਦੀ ਪੁਲੀਸ ਨੇ ਇੱਕ ਸ਼ਰਾਬ ਠੇਕੇਦਾਰ ਅਤੇ ਦੁਕਾਨ ਮਾਲਕ ਸਮੇਤ ਪੰਜ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸਟਾਰ ਕਲੋਨੀ ਮਾਣਕਵਾਲ ਵਾਸੀ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਉਹ ਏਬੀ ਵਾਈਨ ਕੰਪਨੀ ਦੇ ਸ਼ਰਾਬ ਠੇਕਿਆਂ ਦੀ ਨਿਗਰਾਨੀ ਲਈ ਇੰਚਾਰਜ ਹੈ। ਕੰਪਨੀ ਦਾ ਇਕ ਸ਼ਰਾਬ ਠੇਕਾ ਚੰਡੀਗੜ੍ਹ ਰੋਡ ਵੀਰ ਪੈਲੇਸ ਦੇ ਨਾਲ ਹੈ, ਜੋ ਇੱਕ ਜੁਲਾਈ ਤੋਂ ਬੰਦ ਚੱਲਿਆ ਆ ਰਿਹਾ ਹੈ। ਆਬਕਾਰੀ ਤੇ ਕਰ ਵਿਭਾਗ ਵੱਲੋਂ ਇਹ ਠੇਕਾ ਏਐੱਸ ਐਂਡ ਵਾਈਨ ਕੰਪਨੀ ਨੂੰ ਅਲਾਟ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਏਐੱਸ ਐਂਡ ਵਾਈਨ ਕੰਪਨੀ ਦੇ ਮਾਲਕ ਪਾਰਕ ਸ਼ਰਮਾ ਨੇ ਦੁਕਾਨ ਮਾਲਕ ਜਗਦੇਵ ਸਿੰਘ ਅਤੇ ਤਿੰਨ ਹੋਰ ਜਣਿਆਂ ਦੀ ਮਦਦ ਨਾਲ ਦੁਕਾਨ ਦੇ ਤਾਲੇ ਤੋੜਕੇ ਸ਼ਰਾਬ ਚੋਰੀ ਕਰ ਲਈ ਅਤੇ ਦੁਕਾਨ ਉੱਪਰ ਕਬਜ਼ਾ ਕਰ ਲਿਆ। ਜਦੋਂ ਉਹ ਠੇਕੇ ’ਤੇ ਗਿਆ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਉਸ ਦੇ ਸਾਹਮਣੇ ਸਾਮਾਨ ਦੀ ਭੰਨ ਤੋੜ ਕੀਤੀ। ਸਬ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਪਾਰਕ ਸ਼ਰਮਾ ਅਤੇ ਜਗਦੇਵ ਸਿੰਘ ਸਮੇਤ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।