ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 27 ਅਕਤੂਬਰ
ਇੱਥੇ ਅੱਜ ਸਵੱਖਤੇ ਕਰੀਬ 8.30 ਵਜੇ ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਤੇਜ਼ ਰਫਤਾਰ ਕਾਰ ਦੂਜੇ ਪਾਸੇ ਤੋਂ ਆ ਰਹੀ ਇਨੋਵਾ ਨਾਲ ਟਕਰਾ ਕੇ ਪਲਟ ਗਈ ਅਤੇ ਕਾਰ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਅਧਿਕਾਰੀ ਗੁਰਦੀਪ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਾਂਪੁਰ ਨੇੜਲੇ ਪਿੰਡ ਬਾਸੀਆਂ ਬੇਟ ਦਾ ਨੌਜਵਾਨ ਮਨਪ੍ਰੀਤ ਸਿੰਘ ਆਪਣੀ ਅਲਟੋ ਕਾਰ ਪੀਬੀ 10ਜੀ ਜੇ 6952 ਰਾਹੀਂ ਮੁਲਾਂਪੁਰ ਤੋਂ ਜਗਰਾਉਂ ਵੱਲ ਨੂੰ ਆ ਰਿਹਾ ਸੀ। ਅਚਾਨਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਜਗਰਾਉਂ ਵੱਲੋਂ ਜਾ ਰਹੀ ਇਨੋਵਾ ਪੀਬੀ 04 ਐੱਸ 4300 ’ਤੇ ਜਾ ਕੇ ਪਲਟ ਗਈ । ਦੋਵੇਂ ਗੱਡੀਆਂ ਤੇਜ਼ ਹੋਣ ਕਾਰਨ ਟੱਕਰ ਇੰਨੀ ਭਿਆਨਕ ਸੀ ਕਿ ਇਨੋਵਾ ਦੇ ਏਅਰ ਬੈਗ ਖੁੱਲ੍ਹ ਗਏ ਅਤੇ ਉਸ ਵਿੱਚ ਸਵਾਰ ਸਵਾਰੀਆਂ ਦਾ ਤਾਂ ਬਚਾਅ ਹੋ ਗਿਆ ਪਰ ਅਲਟੋ ਸਵਾਰ ਮਨਪ੍ਰੀਤ ਸਿੰਘ ਦੀ ਸਥਾਨਕ ਸਿਵਲ ਹਸਪਤਾਲ ਵਿੰਚ ਮੌਤ ਹੋ ਗਈ । ਇਨੋਵਾ ਦੇ ਚਾਲਕ ਬਾਰੇ ਪੁਲੀਸ ਨੂੰ ਅਜੇ ਪੂਰਾ ਪਤਾ ਨਹੀਂ ਲੱਗ ਸਕਿਆ ਮੌਕੇ ’ਤੇ ਹਾਜ਼ਰ ਲੋਕਾਂ ਅਨੁਸਾਰ ਉਸ ਗੱਡੀ ਦੇ ਨਾਲ ਵਾਲੇ ਪਿੱਛੇ ਹੀ ਆ ਰਹੇ ਸਨ ਜੋ ਉਨ੍ਹਾਂ ਨੂੰ ਉਸੇ ਸਮੇਂ ਆਪਣੀ ਕਾਰ ਵਿੱਚ ਪਾ ਕੇ ਇਲਾਜ ਲਈ ਲੈ ਗਏ। ਜਦਕਿ ਮਨਪ੍ਰੀਤ ਨੂੰ ਲੋਕਾਂ ਨੇ ਐਂਬੂਲੈਂਸ ਰਾਹੀਂ ਸਥਾਨਕ ਹਸਪਤਾਲ ਵਿੱਚ ਪਹੁੰਚਾਇਆ। ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਦੇ ਬਿਆਨਾ ’ਤੇ ਕਾਰਵਾਈ ਮਗਰੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।