ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੂਨ
ਲੋਕ ਇਨਸਾਫ਼ ਪਾਰਟੀ ਵਿੱਚ ਅੱਜ ਵੱਖ-ਵੱਖ ਸਿਆਸੀ ਅਤੇ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਧਾਦਰਾਂ ਇਨਕਲੇਵ ਦੇ ਦਰਜਨਾਂ ਦੇ ਕਰੀਬ ਪਰਿਵਾਰ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ ਰਾਜੇਸ਼ ਖੋਖਰ ਅਤੇ ਵਾਰਡ ਪ੍ਰਧਾਨ ਰਵੀ ਕੁਮਾਰ ਦੀ ਅਗਵਾਈ ਵਿੱਚ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਹੋ ਗਏ। ਜਿਨ੍ਹਾਂ ਦਾ ਪਾਰਟੀ ਵਿੱਚ ਆਉਣ ’ਤੇ ਪਾਰਟੀ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਇਹ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪਾਰਟੀ ਦੀ ਰੀੜ ਦੀ ਹੱਡੀ ਵਾਂਗ ਹੁੰਦੇ ਹਨ ਅਤੇ ਜਿਸ ਪਾਰਟੀ ਦੀ ਵਿਚਾਰਧਾਰਾ ਨਾਲ ਵੱਡੀ ਗਿਣਤੀ ਵਿਚ ਲੋਕ ਜੁੜਦੇ ਹਨ, ਉਹ ਪਾਰਟੀ ਹਰ ਮੈਦਾਨ ਫਤਹਿ ਕਰਦੀ ਹੈ।
ਵਿਧਾਇਕ ਬੈਂਸ ਨੇ ਕਿਹਾ ਕਿ ਸਿਆਸੀ ਅਤੇ ਰਵਾਇਤੀ ਪਾਰਟੀ ਨੂੰ ਛੱਡ ਕੇ ਲੋਕ ਇਨਸਾਫ਼ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਆਤਮ ਨਗਰ ਦੇ ਜਸਪਾਲ ਰਿਐਤ, ਸਤਨਾਮ ਸਿੰਘ, ਅੱਲਵੇਲ ਸਿੰਘ, ਯੂਥ ਆਗੂ ਬੋਨੀ, ਸੀਨੀਅਰ ਆਗੂ ਰਿਸ਼ੀ ਕੁਮਾਰ, ਸੁਨੀਲ ਨਾਗਰ ਆਦਿ ਮੌਜੂਦ ਸਨ।