ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਮਈ
ਲੁਧਿਆਣਾ ਲੋਕ ਸਭਾ ਹਲਕੇ ’ਚ ਸਿਆਸੀ ਅਖਾੜਾ ਭਖਣਾ ਸ਼ੁਰੂ ਹੋ ਗਿਆ ਅਤੇ ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਵੀ ਸਰਗਰਮ ਹੋ ਗਏ ਹਨ। ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਆਪਣੇ ਪਤੀ ਦਾ ਸਿਆਸੀ ਮੋਰਚਾ ਸੰਭਾਲ ਲਿਆ ਹੈ। ਉਨ੍ਹਾਂ ਨੇ ਬੀਤੇ ਦਿਨਾਂ ਤੋਂ ਲੈ ਕੇ ਅੱਜ ਤੱਕ ਦਰਜਨਾਂ ਮੀਟਿੰਗਾਂ ਕੀਤੀਆਂ ਅਤੇ ਸੈਂਕੜੇ ਪਰਿਵਾਰਾਂ ਤੱਕ ਘਰ-ਘਰ ਜਾ ਕੇ ਪਹੁੰਚ ਕੀਤੀ। ਜਗਰਾਉਂ ਦੇ ਵੱਖ-ਵੱਖ ਵਾਰਡਾਂ ’ਚ ਕਾਂਗਰਸੀ ਕੌਂਸਲਰਾਂ ਅਤੇ ਹੋਰਨਾਂ ਅਹੁਦੇਦਾਰਾਂ ਵਲੋਂ ਰੱਖੀਆਂ ਮੀਟਿੰਗਾਂ ’ਚ ਉਨ੍ਹਾਂ ਵੋਟਰਾਂ, ਖਾਸਕਰ ਔਰਤ ਵੋਟਰਾਂ ਨੂੰ ਆਪਣੇ ਭਾਸ਼ਣ ਨਾਲ ਕੀਲਣ ਦਾ ਯਤਨ ਕੀਤਾ। ਇਸੇ ਤਰ੍ਹਾਂ ਕਸਬਾ ਸਿੱਧਵਾਂ ਬੇਟ ’ਚ ਵੀ ਉਨ੍ਹਾਂ ਚੋਣ ਪ੍ਰਚਾਰ ਕਰਦਿਆਂ ਡੋਰ-ਟੂ-ਡੋਰ ਪਹੁੰਚ ਕੀਤੀ। ਖੁਦ ਬਠਿੰਡਾ ਲੋਕ ਸਭਾ ਹਲਕੇ ਤੋਂ ਦਾਅਵੇਦਾਰ ਰਹੇ ਅੰਮ੍ਰਿਤਾ ਵੜਿੰਗ ਵਧੀਆ ਬੁਲਾਰੇ ਹੋਣ ਕਰਕੇ ਲੋਕਾਂ ’ਤੇ ਅਸਰ ਛੱਡਦੇ ਹਨ।
ਇਥੇ ਕੁਝ ਵਾਰਡਾਂ ’ਚ ਮੀਟਿੰਗਾਂ ਦੌਰਾਨ ਉਨ੍ਹਾਂ ਕਿਹਾ ਕਿ ਔਰਤਾਂ ਦਾ ਕਿਸੇ ਵੀ ਤਬਦੀਲੀ ’ਚ ਵੱਡਾ ਯੋਗਦਾਨ ਹੁੰਦਾ। ਔਰਤਾਂ ਘਰਾਂ ’ਚ ਕੰਮਕਾਜ ਕਰਨ ਤੇ ਘਰ ਸੰਭਾਲਣ ਤੋਂ ਇਲਾਵਾ ਸਮਾਜ ਦੀ ਬਿਹਤਰੀ ’ਚ ਬਿਹਤਰ ਯੋਗਦਾਨ ਪਾ ਸਕਦੀਆਂ। ਉਨ੍ਹਾਂ ਔਰਤਾਂ ਨੂੰ ਪਹਿਲਾਂ ਲਿਆਂਦੇ ‘ਬਦਲਾਅ’ ਵਾਲਿਆਂ ਦਾ ਹਜ਼ਾਰ-ਹਜ਼ਾਰ ਰੁਪਿਆ ਮਿਲਣ ਬਾਰੇ ਸਵਾਲ ਕੀਤਾ। ਇਸ ਤੋਂ ਇਲਾਵਾ ਰਵਨੀਤ ਬਿੱਟੂ ਨੂੰ ਧੋਖੇਬਾਜ਼ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਲੋਕਾਂ ਦਾ ਸਾਥ ਮੰਗਿਆ। ਉਹ ਹਰ ਥਾਂ ਇਹ ਕਹਿਣਾ ਨਹੀਂ ਭੁੱਲਦੇ, ‘‘ਅਸੀਂ ਤੁਹਾਡੇ ਹੋਣ ਆਏ ਹਾਂ ਅਤੇ ਇਥੇ ਰਹਿਣ ਆਏ ਹਾਂ ਹੁਣ ਮਰਜ਼ੀ ਲੋਕਾਂ ਦੀ ਹੈ ਕਿ ਇਥੇ ਰੱਖਣਾ ਹੈ ਜਾਂ ਨਹੀਂ’’। ਅੰਮ੍ਰਿਤਾ ਵੜਿੰਗ ਨੀਲੇ ਕਾਰਡ ਕੱਟਣ, ਅਮਨ ਕਾਨੂੰਨ ਦੀ ਵਿਗੜੀ ਸਥਿਤੀ ਸਮੇਤ ਹੋਰ ਕਈ ਮੁੱਦੇ ਚੁੱਕਣਾ ਵੀ ਨਹੀਂ ਭੁੱਲਦੇ। ਇਸ ਮੌਕੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਹਰਦੀਪ ਜੱਸੀ, ਕੌਂਸਲਰ ਰਮੇਸ਼ ਮੇਸ਼ੀ ਸਹੋਤਾ, ਕੌਂਸਲਰ ਜਰਨੈਲ ਸਿੰਘ ਲੋਹਟ, ਬਲਾਕ ਪ੍ਰਧਾਨ ਨਵਦੀਪ ਗਰੇਵਾਲ, ਹਰਪ੍ਰੀਤ ਸਿੰਘ ਧਾਲੀਵਾਲ, ਕੌਂਸਲਰ ਬਿਕਰਮ ਜੱਸੀ, ਅਮਨ ਕਪੂਰ ਬੌਬੀ, ਗੁਰਪ੍ਰੀਤ ਕੌਰ ਤਤਲਾ, ਗੌਰਵ ਸੋਨੀ, ਕਮਲ ਵਰਮਾ, ਗੌਰਵ ਧੀਰ ਆਦਿ ਮੌਜੂਦ ਸਨ।