ਸਮਰਾਲਾ: ਪਿੰਡ ਛੰਦੜਾ ਵਿੱਚ ਪਰਵਾਸੀ ਮਜ਼ਦੂਰਾਂ ਦੀ ਕਲੋਨੀ ਨੇੜੇ ਫੈਕਟਰੀ ਦੀ ਛੱਤ ’ਤੇ ਲਾਵਾਰਿਸ ਹਾਲਤ ਵਿਚ ਨਵ-ਜੰਮੀ ਬੱਚੀ ਮਿਲੀ। ਅਰੁਣਾ ਦੇਵੀ ਮਜ਼ਦੂਰ ਮਹਿਲਾ ਸਵੇਰੇ 8 ਵਜੇ ਡਿਊਟੀ ਲਈ ਜਾ ਰਹੀ ਸੀ ਤਾਂ ਉਸ ਨੇ ਬੱਚੀ ਨੂੰ ਵੇਖਿਆ। ਉਸ ਨੇ ਬੱਚੀ ਦੀ ਮਾਂ ਦੀ ਕਾਫੀ ਭਾਲ ਕੀਤੀ, ਮਗਰੋਂ ਉਹ ਬੱਚੀ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲੈ ਆਈ। ਡਾ. ਰਮਨ ਨੇ ਦੱਸਿਆ ਕਿ ਕਰੀਬ 8 ਮਹੀਨੇ ਦੀ ਬੱਚੀ ਦਾ ਜਨਮ ਕੁਝ ਘੰਟੇ ਪਹਿਲਾਂ ਹੀ ਹੋਇਆ ਹੈ। ਨਾਜ਼ੁਕ ਹੋਣ ਕਾਰਨ ਬੱਚੀ ਨੂੰ ਲੁਧਿਆਣਾ ਭੇਜਿਆ ਜਾ ਰਿਹਾ ਹੈ। ਉਧਰ, ਸਿਵਲ ਹਸਪਤਾਲ ’ਚ ਬੱਚੀ ਦੀ ਦੇਖਭਾਲ ਕਰਦੀ ਹੋਈ ਸਟਾਫ਼ ਨਰਸ ਸਰਬਜੀਤ ਕੌਰ ਨੇ ਬੱਚੀ ਨੂੰ ਕਾਨੂੰਨੀ ਤੌਰ ’ਤੇ ਗੋਦ ਲੈਣ ਦਾ ਫੈਸਲਾ ਕਰ ਲਿਆ। ਉਸ ਨੇ ਦੱਸਿਆ ਕਿ ਉਹ ਬੱਚੀ ਨੂੰ ਇਲਾਜ ਲਈ ਲੁਧਿਆਣਾ ਲੈ ਕੇ ਜਾ ਰਹੀ ਹੈ ਅਤੇ ਇਸ ਬੱਚੀ ਨੂੰ ਅਪਨਾਉਣ ਲਈ ਜਿਹੜੀ ਵੀ ਕਾਨੂੰਨੀ ਪ੍ਰੀਕਿਰਿਆ ਹੋਵੇਗੀ ਉਸ ਨੂੰ ਪੂਰਾ ਕਰਕੇ ਉਹ ਇਸ ਨੂੰ ਆਪਣੇ ਘਰ ਲੈ ਕੇ ਜਾਵੇਗੀ। -ਪੱਤਰ ਪ੍ਰੇਰਕ