ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਅਕਤੂਬਰ
ਸਥਾਨਕ ਰੇਲਵੇ ਪਾਰਕ ’ਚ ਚੱਲ ਰਿਹਾ ਕਿਸਾਨ ਮੋਰਚਾ ਐਤਵਾਰ ਨੂੰ 389ਵੇਂ ’ਚ ਦਾਖਲ ਹੋ ਗਿਆ। ਬੀਕੇਯੂ ਏਕਤਾ ਡਕੌਂਦਾ ਦੇ ਆਗੂ ਹਰਦੀਪ ਸਿੰਘ ਗਾਲਬਿ ਦੀ ਅਗਵਾਈ ’ਚ ਦਿੱਤੇ ਗਏ ਧਰਨੇ ’ਚ ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਸਾਥੀ ਜੈ ਦੇਵ ਕਪੂਰ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਨਮਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜੈ ਦੇਵ ਕਪੂਰ ਨੇ ਅਸੈਂਬਲੀ ਹਾਲ ’ਚ ਬੰਬ ਸੁੱਟਣ ਵੇਲੇ ਅੰਦਰ ਜਾਣ ਲਈ ਪਾਸਾਂ ਦਾ ਪ੍ਰਬੰਧ ਕੀਤਾ ਸੀ ਜਿਸ ਬਦਲੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਉਨ੍ਹਾਂ ਸ਼ਿਵ ਵਰਮਾ ਨਾਲ ਮਿਲ ਕੇ ਬੰਬ ਧਮਾਕੇ ਦਾ ਸਾਰਾ ਪ੍ਰਬੰਧ ਕੀਤਾ ਸੀ। ਧਰਨੇ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਖੰਨਾ, ਅਵਤਾਰ ਸਿੰਘ ਗਿੱਲ, ਜਗਦੀਸ਼ ਸਿੰਘ, ਹਰਭਜਨ ਸਿੰਘ ਦੌਧਰ, ਹਰਬੰਸ ਲਾਲ ਨੇ ਕਿਹਾ ਕਿ ਗੁਜਰਾਤ ਦੇ ਭਾਵਨਗਰ ਦੇ 12 ਪਿੰਡਾਂ ਦੀ ਜ਼ਮੀਨ ਲਿਗਨਾਈਟ ਨਾਂ ਦੀ ਧਾਤ ਖੋਦਣ ਅਤੇ ਬਿਜਲੀ ਪੈਦਾ ਕਰਨ ਲਈ ਗੁਜਰਾਤ ਪਾਵਰਕੌਮ ਕਾਰਪੋਰੇਸ਼ਨ ਲਿਮਟਿਡ ਨੂੰ 1997 ’ਚ ਕਬਜ਼ੇ ’ਚ ਲਈ ਸੀ। ਵੀਹ ਸਾਲ ਤੋਂ ਉੱਪਰ ਸਮਾਂ ਲੰਘ ਜਾਣ ਦੇ ਬਾਵਜੂਦ ਉਥੇ ਕੋਈ ਵੀ ਕੰਮ ਸ਼ੁਰੂ ਨਹੀਂ ਹੋਇਆ ਤੇ ਨਿਯਮਾਂ ਮੁਤਾਬਕ ਜ਼ਮੀਨ ਮੁੜ ਕਿਸਾਨਾਂ ਕੋਲ ਚਲੀ ਜਾਣੀ ਸੀ ਪਰ ਹੁਣ ਕਿਸਾਨਾਂ ’ਤੇ ਜਬਰ ਢਾਹਿਆ ਜਾ ਰਿਹਾ ਹੈ ਜਦਕਿ ਕਿਸਾਨ ਵੀ ਹੱਕਾਂ ਲਈ ਡਟੇ ਹੋਏ ਲਗਾਤਾਰ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਦੀ ਮੰਗ ’ਤੇ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਕਿਸਾਨ ਮਰਨ ਵਰਤ ’ਤੇ ਬੈਠੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਇਕ ਮਤੇ ਰਾਹੀਂ ਸੀਬੀਐੱਸਈ ਦੀ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕੀਤੀ ਕਿ ਤੇਲ ਤੇ ਗੈਸ ਕੀਮਤਾਂ ’ਚ ਵਾਧੇ ਦੇ ਗੰਭੀਰ ਮਸਲੇ ’ਤੇ ਦੇਸ਼ ਵਿਆਪੀ ਸੰਘਰਸ਼ ਦਾ ਸੱਦਾ ਦਿੱਤਾ ਜਾਵੇ।
ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ
ਗੁਰੂਸਰ ਸੁਧਾਰ (ਸੰਤੋਖ ਗਿੱਲ): ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਪੰਜਾਬ ਭਰ ਵਿਚ ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਕਾਰਨ ਤਬਾਹ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਮੋਰਚੇ ਤੋਂ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਗੁਰਉਪਦੇਸ਼ ਸਿੰਘ ਘੁੰਗਰਾਣਾ ਅਤੇ ਹਰਜੀਤ ਸਿੰਘ ਕਿਲ੍ਹਾ ਰਾਏਪੁਰ ਨੇ ਇਲਾਕੇ ਦੇ ਖੇਤਾਂ ਦਾ ਦੌਰਾ ਕਰਨ ਉਪਰੰਤ ਖ਼ਰਾਬੇ ਲਈ ਮੁਕੰਮਲ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਅਨੁਸਾਰ ਮੀਂਹ, ਹਨੇਰੀ ਅਤੇ ਗੜੇਮਾਰੀ ਕਾਰਨ ਝੋਨੇ ਦੀ ਪੱਕੀ ਹੋਈ ਫ਼ਸਲ ਖ਼ਰਾਬ ਹੋ ਗਈ ਹੈ ਅਤੇ ਖੇਤਾਂ ਵਿੱਚ ਗੋਡੇ-ਗੋਡੇ ਪਾਣੀ ਖੜ੍ਹਾ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਆਲੂਆਂ ਫ਼ਸਲ ਵੀ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ। ਕਿਸਾਨ ਆਗੂਆਂ ਨੇ ਮੰਡੀ ਵਿੱਚ ਪਏ ਝੋਨੇ ਨੂੰ ਬਿਨਾ ਕਿਸੇ ਕਾਟ ਪੂਰੇ ਭਾਅ ਅਨੁਸਾਰ ਖ਼ਰੀਦਣ ਦੀ ਮੰਗ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਮੌਸਮ ਦੀ ਕਰੋਪੀ ਨੂੰ ਕੁਦਰਤੀ ਆਫ਼ਤ ਐਲਾਨ ਕੇ ਕਿਸਾਨਾਂ ਦੀ ਬਾਂਹ ਫੜਨ ਦੀ ਮੰਗ ਕੀਤੀ ਹੈ।