ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਸਤੰਬਰ
ਸਨਅਤੀ ਸ਼ਹਿਰ ਦੇ ਭਾਈ ਰਣਧੀਰ ਸਿੰਘ ਨਗਰ ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੇ ਆਪਣੀ ਕੋਠੀ ਗੁਰੂ ਘਰ ਨੂੰ ਦਾਨ ਕਰ ਦਿੱਤੀ ਹੈ। ਪੌਸ਼ ਇਲਾਕੇ ਵਿੱਚ ਇਸ ਬਜ਼ੁਰਗ ਜੋੜੇ ਦੀ 200 ਗਜ ਦੀ ਕੋਠੀ ਸੀ। ਬਜ਼ੁਰਗ ਜੋੜੇ ਦਾ ਕੋਈ ਵਾਰਸ ਨਾ ਹੋਣ ਕਰਕੇ ਉਨ੍ਹਾਂ ਆਪਣੀ ਕੋਠੀ ਗੁਰਦੁਆਰੇ ਨੂੰ ਦੇ ਦਿੱਤੀ ਹੈ। ਵਰਿੰਦਰ ਕੌਰ ਵਾਲੀਆ ਪੇਸ਼ੇ ਵਜੋਂ ਅਧਿਆਪਕ ਹਨ। ਉਹ ਪਹਿਲਾਂ ਪਠਾਨਕੋਟ ਵਿੱਚ ਪੜ੍ਹਾਉਂਦੇ ਸਨ ਤੇ ਹੁਣ ਆਪਣੇ ਪਤੀ ਬਲਬੀਰ ਸਿੰਘ ਨਾਲ ਲੁਧਿਆਣਾ ਵਿੱਚ ਰਹਿ ਰਹੇ ਹਨ। ਬੀਆਰਐੱਸ ਨਗਰ ਈ ਬਲਾਕ ਦੇ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਵਰਿੰਦਰ ਕੌਰ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਅਧਿਆਪਕ ਰਹੇ ਹਨ। ਉਨ੍ਹਾਂ ਨੇ ਲੁਧਿਆਣਾ ਤੇ ਪਠਾਨਕੋਟ ਦੇ ਸਕੂਲਾਂ ਵਿੱਚ ਪੜ੍ਹਾਇਆ ਹੈ। ਉਨ੍ਹਾਂ ਦੱਸਿਆ ਕਿ ਭਾਈ ਰਣਧੀਰ ਸਿੰਘ ਨਗਰ ਵਿੱਚ ਉਨ੍ਹਾਂ ਦੀ 200 ਗਜ ਦੀ ਕੋਠੀ ਹੈ, ਜਿਸ ਦੀ ਬਾਜ਼ਾਰੀ ਕੀਮਤ ਡੇਢ ਕਰੋੜ ਦੇ ਕਰੀਬ ਦੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਹੁਣ ਉਹ ਇੱਥੇ ਰਹਿ ਰਹੇ ਸਨ ਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੇ ਬਾਅਦ ਰਿਸ਼ਤੇਦਾਰ ਉਨ੍ਹਾਂ ਦੀ ਜਾਇਦਾਦ ਦਬ ਨਾ ਲੈਣ, ਇਸ ਕਰਕੇ ਉਨ੍ਹਾਂ ਨੇ ਪਹਿਲਾਂ ਹੀ ਆਪਣੀ ਜਾਇਦਾਦ ਗੁਰੂਘਰ ਦੇ ਨਾਂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਥਾਂ ’ਤੇ ਗੁਰਦੁਆਰਾ ਕਮੇਟੀ ਵੱਲੋਂ ਸਕੂਲ ਜਾਂ ਹਸਪਤਾਲ ਬਣਾਇਆ ਜਾਵੇ।
ਗੁਰਦੁਆਰਾ ਕਮੇਟੀ ਵੱਲੋਂ ਕੋਠੀ ’ਚ ਹਸਪਤਾਲ ਬਣਾਉਣ ਦਾ ਫ਼ੈਸਲਾ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ 35-40 ਸਾਲਾਂ ਦੌਰਾਨ ਪਹਿਲੀ ਵਾਰ ਇੰਨੀ ਵੱਡੀ ਰਕਮ ਕਿਸੇ ਨੇ ਗੁਰਦੁਆਰਾ ਸਾਹਿਬ ਨੂੰ ਦਾਨ ਦਿੱਤੀ ਹੈ, ਜਿਸ ਨੂੰ ਉਹ ਸਹੀ ਪਾਸੇ ਲਗਾਉਣਗੇ। ਉਨ੍ਹਾਂ ਦੱਸਿਆ ਕਿ ਇਸ ਕੋਠੀ ਵਿੱਚ ਉਹ ਹਸਪਤਾਲ ਬਣਾਉਣਗੇ, ਜਿੱਥੇ ਗਰੀਬਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।