ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਅਕਤੂਬਰ
ਸਿਟੀ ਨੀਡ ਵੱਲੋਂ ਸਥਾਨਕ ਸਰਾਭਾ ਨਗਰ ਮਾਰਕੀਟ ਵਿੱਚ ‘ਸੀਡੀਐੱਫ ਐੱਨਜੀਓ ਕਾਰਨੀਵਲ’ ਨਾਂ ਹੇਠ ਨੁਮਾਇਸ਼ ਲਾਈ। ਇਸ ਵਿੱਚ ਬਾਲ ਮਜ਼ਦੂਰੀ ਤੋਂ ਬਚਾਏ ਬੱਚਿਆਂ ਵੱਲੋਂ ਤਿਆਰ ਕੀਤੀਆਂ ਵੱਖ ਵੱਖ ਵਸਤਾਂ ਦੀ ਵਿਕਰੀ ਕੀਤੀ ਗਈ। ਇਸ ਨੁਮਾਇਸ਼ ਦਾ ਉਦਘਾਟਨ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੀਤੀ। ਇਹ ਨੁਮਾਇਸ਼ ਐਤਵਾਰ ਸ਼ਾਮ 5 ਵਜੇ ਸ਼ੁਰੂ ਹੋਈ ਅਤੇ ਰਾਤ 10 ਵਜੇ ਤੱਕ ਜਾਰੀ ਰਹੀ।
ਇਸ ਸੰਸਥਾ ਵੱਲੋਂ ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਰਾਹੀਂ ਬਾਲ ਮਜ਼ਦੂਰੀ ਵਿੱਚ ਲੱਗੇ ਬੱਚਿਆਂ ਨੂੰ ਬਚਾਅ ਕਿ ਵੱਖ-ਵੱਖ 35 ਸਕੂਲਾਂ ਵਿੱਚ ਮੁਫਤ ਪੜ੍ਹਾਈ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਬਾਲ ਮਜ਼ਦੂਰੀ ਤੋਂ ਛੁਡਾਏ ਇਨਾਂ ਬੱਚਿਆਂ ਨੂੰ ਸੁੰਦਰ ਵਸਤਾਂ ਬਣਾਉਣ ਦੀ ਸਿਖਲਾਈ ਦਿੱਤੀ ਗਈ। ਇਨਾਂ ਵੱਲੋਂ ਤਿਆਰ ਵਸਤਾਂ ਦੀ ਅੱਜ ਉਕਤ ਨੁਮਾਇਸ਼ ਲਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਿਪਟੀ ਕਮਿਸ਼ਨਰ ਸ਼ਰਮਾ ਨੇ ਬੱਚਿਆਂ ਵੱਲੋਂ ਬਣਾਈਆਂ ਵਸਤਾਂ ਦੀ ਸ਼ਲਾਘਾ ਕੀਤੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਅਜਿਹੇ ਬੱਚਿਆਂ ਵੱਲੋਂ ਤਿਆਰ ਵਸਤਾਂ ਖ਼ਰੀਦਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਵਸਤਾਂ ਖ਼ਰੀਦਣ ਨਾਲ ਬੱਚਿਆਂ ਦਾ ਹੌਸਲਾ ਵਧਦਾ ਹੈ ਅਤੇ ਉਨ੍ਹਾਂ ਨੂੰ ਭਵਿੱਖ ’ਚ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਤਾਕਤ ਮਿਲਦੀ ਹੈ। ਨੁਮਾਇਸ਼ ਵਿੱਚ ਬੱਚਿਆਂ ਵੱਲੋਂ ਤਿਆਰ ਕੀਤੇ ਸਜਾਵਟੀ ਸਾਮਾਨ ਤੋਂ ਇਲਾਵਾ ਦੀਵਾਲੀ ਮੌਕੇ ਵਰਤੇ ਜਾਣ ਵਾਲੇ ਦੀਵੇ, ਪੇਂਟਿੰਗਾਂ, ਲਿਫਾਫੇ, ਮੋਮਬੱਤੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਵਸਤਾਂ ਰੱਖੀਆਂ ਹੋਈਆਂ ਸਨ। ਇਸ ਨੁਮਾਇਸ਼ ਨੂੰ ਸ਼ਹਿਰਵਾਸੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਭਾਰੀ ਗਿਣਤੀ ਵਿੱਚ ਲੋਕ ਨੁਮਾਇਸ਼ ਵਾਲੀ ਥਾਂ ’ਤੇ ਪਹੁੰਚੇ ਅਤੇ ਖ਼ਰੀਦਦਾਰੀ ਕਰਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਪਦਮਸ੍ਰੀ ਰਜਨੀ ਬੈਕਟਰ ਨੇ ਵੀ ਲੋਕਾਂ ਨੂੰ ਵੱਧ ਤੋਂ ਵੱਧ ਖ਼ਰੀਦਦਾਰੀ ਕਰਨ ਦੀ ਅਪੀਲ ਕੀਤੀ। ਇਸ ਨੁਮਾਇਸ਼ ਵਿੱਚ ਹੋਰ ਵੀ ਕਈ ਐਨਜੀਓ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਏਕ ਨੂਰ ਸੇਵਾ ਕੇਂਦਰ, ਅਸ਼ੀਰਵਾਦ, ਐਸਜੀਐਮ ਨਿਸ਼ਕਾਮ ਵਿਦਿਆ ਮੰਦਿਰ, ਜੇਸੀਆਈ ਲੁਧਿਆਣਾ ਜੈਨਸਿਸ, ਬਾਬਾ ਪੂਰਨ ਸਿੰਘ ਥਿੰਦ ਮੈਡੀਕਲ ਟਰੱਸਟ, ਨਿਰਦੋਸ਼, ਜੀਤ ਫਾਊਂਡੇਸ਼ਨ, ਇੰਨਰਵੀਲ੍ਹ ਲੁਧਿਆਣਾ ਮਿਡਟਾਊਨ, ਫੀਸੀ ਫਲੋ, ਭਾਰਤ ਵਿਕਾਸ ਪਰਿਸ਼ਦ ਅਤੇ ਡੂ ਗੁਡ ਫਾਊਡੇਸ਼ਨ ਆਦਿ ਸ਼ਾਮਲ ਸਨ।