ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਫਰਵਰੀ
ਮਾਲੇਰਕੋਟਲਾ ਦੀਆਂ ਇਤਿਹਾਸਕ ਇਮਾਰਤਾਂ ਅਤੇ ਹੋਰ ਕਿੱਤਿਆਂ ਦੀਆਂ ਫੋਟੋਆਂ ਦੀ ਦੋ ਰੋਜ਼ਾ ਨੁਮਾਇਸ਼ ਅੱਜ ਪੰਜਾਬੀ ਭਵਨ ਦੀ ਡਾ. ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ ਵਿੱਚ ਸ਼ੁਰੂ ਹੋ ਗਈ। ਫੋਟੋ ਕਲਾਕਾਰ ਰਵਿੰਦਰ ਰਵੀ ਵੱਲੋਂ ਖਿੱਚੀਆਂ ਇਨ੍ਹਾਂ ਤਸਵੀਰਾਂ ਦੀ ਨੁਮਾਇਸ਼ ਦਾ ਉਦਘਾਟਨ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ, ਡਾ. ਸਰਦਾਰਾ ਸਿੰਘ ਜੌਹਲ, ਡਾ. ਸੁਰਜੀਤ ਪਾਤਰ, ਨਿਰਮਲ ਜੌੜਾ, ਪ੍ਰੋ. ਗੁਰਭਜਨ ਗਿੱਲ ਤੇ ਲਖਵਿੰਦਰ ਜੌਹਲ ਨੇ ਸਾਂਝੇ ਤੌਰ ’ਤੇ ਕੀਤਾ। ਮੌਲਾਨਾ ਉਸਮਾਨ ਨੇ ਕਿਹਾ ਕਿ ਇਤਿਹਾਸ ਨੂੰ ਸਾਂਭ ਕਿ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕੀਏ। ਉਨ੍ਹਾਂ ਕਿਹਾ ਕਿ ਮਾਲੇਰਕੋਟਲੇ ਦੀਆਂ ਇਤਿਹਾਸਕ ਇਮਾਰਤਾਂ, ਉੱਥੋਂ ਦੇ ਲੋਕਾਂ ਦੇ ਕਿੱਤੇ ਅਤੇ ਹੋਰ ਵਿਸ਼ੇਸ਼ਤਾਵਾਂ ਨੂੰ ਇਨ੍ਹਾਂ ਤਸਵੀਰਾਂ ਰਾਹੀਂ ਦਿਖਾਉਣਾ ਵਧੀਆ ਉਪਰਾਲਾ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਉਰਦੂ ਅਕਾਦਮੀ ਦੇ ਪ੍ਰਧਾਨ ਰੁਬੀਨਾ ਸ਼ਬਨਮ ਨੇ ਕਿਹਾ ਕਿ ਇਨ੍ਹਾਂ ਤਸਵੀਰਾਂ ਨੇ ਲੁਧਿਆਣਾ ਵਿੱਚ ਹੀ ਮਾਲੇਰਕੋਟਲਾ ਦੇ ਦਰਸ਼ਨ ਕਰਵਾ ਦਿੱਤੇ ਹਨ। ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਪੁਰਾਣੀਆਂ ਇਮਾਰਤਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਾਂਭ ਕੇ ਰੱਖਣਾ ਜ਼ਰੂਰੀ ਹੈ।