ਸੀਬੀਐੱਸਈ ਵੱਲੋਂ ਪੰਜਾਬੀ ਨੂੰ ‘ਮੇਜਰ’ ਤੋਂ ‘ਮਾਈਨਰ’ ਸੂਚੀ ਵਿੱਚ ਰੱਖਣ ਦਾ ਮਾਮਲਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਕਤੂਬਰ
ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਨੇ ਸੀਬੀਐੱਸਈ ਵੱਲੋਂ ਪੰਜਾਬੀ ਨੂੰ ‘ਮੇਜਰ’ ਤੋਂ ‘ਮਾਈਨਰ’ ਸੂਚੀ ਵਿੱਚ ਰੱਖਣ ਸਬੰਧੀ ਦੁਚਿੱਤੀ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਸਰਕਾਰ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ। ਭਾਈਚਾਰੇ ਦੇ ਨੁਮਾਇੰਦੇ ਦਾ ਕਹਿਣਾ ਹੈ ਕਿ ਲੋਕਾਂ ਨੇ ਇਹ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਨਾਲ ਪੰਜਾਬੀ ਨੂੰ ਲਾਜ਼ਮੀ ਵਿਸ਼ਿਆਂ ਵਿੱਚੋਂ ਕੱਢ ਦਿੱਤਾ ਗਿਆ ਹੈ। ਪਸਾਰ ਭਾਈਚਾਰੇ ਦੇ ਸਹਿ ਸੰਚਾਲਕ ਮਹਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਵਿੱਚ ‘ਦੀ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੂਏਜ਼ ਐਕਟ, 2008 ਅਨੁਸਾਰ, ਪੰਜਾਬ ਵਿੱਚ ਚੱਲਦੇ ਵੱਖ ਵੱਖ ਬੋਰਡਾਂ ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ਦੀ ਵਿਵਸਥਾ ਬਣਾਈ ਗਈ ਹੈ। ਵੈਸੇ ਵੀ ਜੇਕਰ ਕੋਈ ਪੰਜਾਬ ਵਿੱਚ ਸਕੂਲ ਖੋਲ੍ਹਣ ਦੀ ਇਜਾਜ਼ਤ ਮੰਗਦਾ ਹੈ ਤਾਂ ਪੰਜਾਬ ਸਰਕਾਰ ਹੋਰਨਾਂ ਸ਼ਰਤਾਂ ਤੋਂ ਇਲਾਵਾ, ਆਪਣੇ ਐਕਟ ਦੀਆਂ ਵਿਵਸਥਾਵਾਂ ਦੀ ਪਾਲਣਾ ਕਰਨ ਦੀ ਹਦਾਇਤ ਵੀ ਦਿੰਦੀ ਹੈ। ਸ੍ਰੀ ਸੇਖੋਂ ਨੇ ਕਿਹਾ ਕਿ ਭਾਈਚਾਰੇ ਵੱਲੋਂ ਸਰਕਾਰ ਨੂੰ ਅਪੀਲ ਹੈ ਕਿ ਉਹ ਸੀਬੀਐੱਸਈ ਵੱਲੋਂ ਜਾਰੀ ਕੀਤੇ ਇਸ ਸਰਕੂਲਰ ਕਰਕੇ ਪੈਦਾ ਹੋਈ ਦੁਚਿੱਤੀ ਵਾਲੀ ਸਥਿਤੀ ਵਿੱਚੋਂ ਲੋਕਾਂ ਕੱਢਣ ਲਈ ਸਪੱਸ਼ਟੀਕਰਨ ਦੇਵੇ ਕਿ ਪੰਜਾਬ ਵਿੱਚ ਸੀਬੀਐੱਸਈ ਦੇ ਸਕੂਲਾਂ ਵਿੱਚ ਪੰਜਾਬ ਸਰਕਾਰ ਦੇ ਬਣਾਏ ਕਾਨੂੰਨਾਂ ਤਹਿਤ, ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਹੀ ਪੜ੍ਹਾਈ ਜਾਵੇਗੀ ਤੇ ਇਸ ਦੇ ਇਮਤਿਹਾਨ ਵੀ ਲਏ ਜਾਣਗੇ।