ਸਤਵਿੰਦਰ ਬਸਰਾ
ਲੁਧਿਆਣਾ, 11 ਸਤੰਬਰ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਬਾਅਦ ਅੱਜ ਸ਼ਾਮ ਆਏ ਤੇਜ਼ ਮੀਂਹ ਨਾਲ ਨਾ ਸਿਰਫ ਸ਼ਹਿਰ ਦੀਆਂ ਕਈ ਨੀਵੀਆਂ ਸੜਕਾਂ ’ਤੇ ਕਈ-ਕਈ ਫੁੱਟ ਪਾਣੀ ਭਰ ਗਿਆ, ਸਗੋਂ ਕਈ ਮੁਹੱਲਿਆਂ ’ਚ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਅੰਦਰ ਤੱਕ ਜਾ ਵੜਿਆ। ਸੜਕਾਂ ’ਤੇ ਭਰੇ ਪਾਣੀ ਮੀਂਹ ਤੋਂ ਕਈ ਘੰਟੇ ਬਾਅਦ ਤੱਕ ਵੀ ਟਰੈਫ਼ਿਕ ਲਈ ਵੀ ਅੜਿੱਕਾ ਬਣਿਆ ਰਿਹਾ। ਇਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅੱਜ ਦੁਪਹਿਰ ਤੋਂ ਬਾਅਦ ਆਏ ਤੇਜ਼ ਮੀਂਹ ਅਤੇ ਚੱਲੀ ਹਨੇਰੀ ਨੇ ਦੇਖਦਿਆਂ ਹੀ ਦੇਖਦਿਆਂ ਸ਼ਹਿਰ ਦੀਆਂ ਸੜਕਾਂ ਪਾਣੀ ਨਾਲ ਭਰ ਦਿੱਤੀਆਂ। ਇਹ ਮੀਂਹ ਦੁਪਹਿਰ ਬਾਅਦ ਸਾਢੇ ਤਿੰਨ ਵਜੇ ਆਇਆ ਅਤੇ ਪੰਜ ਵਜੇ ਤੱਕ ਜਾਰੀ ਰਿਹਾ। ਇਸ ਮੀਂਹ ਨਾਲ ਭਾਵੇਂ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਪਰ ਸੜਕਾਂ ਤੇ ਮੁਹੱਲਿਆਂ ’ਚ ਪਾਣੀ ਖੜ੍ਹਾ ਹੋਣ ਨਾਲ ਰਾਹਗੀਰਾਂ ਅਤੇ ਇਲਾਕਾ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਸ਼ਹਿਰ ਦੇ ਗੋਪਾਲ ਨਗਰ, ਸੁਭਾਸ਼ ਨਗਰ, ਕਿਚਲੂ ਨਗਰ, ਸੁੰਦਰ ਨਗਰ, ਹੰਬੜਾ ਰੋਡ, ਬਸਤੀ ਜੋਧੇਵਾਲ, ਬਾਲ ਨਗਰ, ਕਾਲਜ ਰੋਡ, ਸੰਤ ਈਸ਼ਰ ਨਗਰ, ਗੁਰੂ ਅਰਜਨ ਦੇਵ ਨਗਰ, ਟਰਾਂਸਪੋਰਟ ਨਗਰ, ਸੁਖਦੇਵ ਨਗਰ, ਉਪਕਾਰ ਨਗਰ ਆਦਿ ਇਲਾਕਿਆਂ ਵਿੱਚੋਂ ਕਈ ਥਾਵਾਂ ’ਤੇ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਗਿਆ। ਉਪਕਾਰ ਨਗਰ, ਗੁਰਦੇਵ ਨਗਰ ਅਤੇ ਸਮਰਾਲਾ ਚੌਕ ਨੇੜੇ ਤਾਂ ਪਾਣੀ ਕਈ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਵੀ ਜਾ ਵੜਿਆ। ਦੁਕਾਨਦਾਰਾਂ ਅਤੇ ਘਰਾਂ ਵਾਲਿਆਂ ਨੂੰ ਆਪਣਾ ਜ਼ਰੂਰੀ ਸਾਮਾਨ ਉੱਚੀਆਂ ਥਾਵਾਂ ’ਤੇ ਰੱਖਣਾ ਪੈ ਗਿਆ।
ਮੀਂਹ ਹਟਣ ਦੇ ਕਈ ਘੰਟੇ ਬਾਅਦ ਵੀ ਨੀਵੀਆਂ ਥਾਵਾਂ ’ਤੇ ਪਾਣੀ ਜਿਉਂ ਦਾ ਤਿਉਂ ਖੜ੍ਹਾ ਹੋਇਆ ਸੀ। ਦੂਜੇ ਪਾਸੇ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਖੜ੍ਹਾ ਪਾਣੀ ਟਰੈਫਿਕ ਲਈ ਵੀ ਅੜਿੱਕਾ ਬਣਿਆ ਰਿਹਾ। ਰਾਤ ਸਮੇਂ ਕਈ ਇਲਾਕਿਆਂ ਵਿੱਚ ਬੱਤੀ ਗੁੱਲ੍ਹ ਹੋਣ ਕਰ ਕੇ ਇਹ ਪਾਣੀ ਰਾਹਗੀਰਾਂ ਅਤੇ ਖਾਸ ਕਰ ਕੇ ਦੋ ਪਹੀਆ ਵਾਹਨ ਚਾਲਕਾਂ ਲਈ ਹੋਰ ਵੀ ਵੱਡੀ ਮੁਸੀਬਤ ਬਣਿਆ ਰਿਹਾ।