ਜਸਬੀਰ ਸ਼ੇਤਰਾ
ਜਗਰਾਉਂ, 17 ਸਤੰਬਰ
ਗੱਲਾ ਮਜ਼ਦੂਰ ਯੂਨੀਅਨ ਨੇ ਮੰਗਾਂ ਦੇ ਹੱਕ ’ਚ ਕੀਤੇ ਐਲਾਨ ਮੁਤਾਬਕ ਅੱਜ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ। ਸਥਾਨਕ ਅਨਾਜ ਮੰਡੀ ’ਚ ਗੱਲਾ ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮੰਗ ਪੱਤਰ ਦੇਣ ਤੇ ਤਾੜਨਾ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦੀਆਂ ਵਾਜਬ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਉਹ ਮੰਡੀਆਂ ’ਚ ਕੰਮ ਛੱਡ ਕੇ ਹੜਤਾਲ ਕਰਨ ਲਈ ਮਜਬੂਰ ਹੋਏ ਹਨ।
ਪ੍ਰਧਾਨ ਬਿਸਾਖਾ ਸਿੰਘ, ਮੀਤ ਪ੍ਰਧਾਨ ਦੇਵਰਾਜ, ਕੁਲਦੀਪ ਸਿੰਘ, ਚੇਅਰਮੈਨ ਰਾਜਪਾਲ ਪਾਲਾ, ਦਰਸ਼ਨ ਸਿੰਘ ਬਿੱਟੂ ਨੇ ਕਿਹਾ ਕਿ ਮੰਡੀਆਂ ’ਚ ਮਜ਼ਦੂਰ ਲੰਮੇ ਸਮੇਂ ਤੋਂ ਪੁਰਾਣੇ ਰੇਟ ’ਤੇ ਹੀ ਕੰਮ ਕਰਦੇ ਆ ਰਹੇ ਹਨ। ਮਜ਼ਦੂਰੀ ’ਚ 25 ਫ਼ੀਸਦੀ ਦਾ ਵਾਧਾ ਮੰਗਦੇ ਹੋਏ ਉਨ੍ਹਾਂ ਕਿਹਾ ਕਿ ਹਰ ਛਿਮਾਹੀ ਦੀ ਤਰ੍ਹਾਂ ਮਜ਼ਦੂਰੀ ’ਚ ਵਾਧਾ ਹੋਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਝੋਨੇ ਦੇ ਸੀਜ਼ਨ ਦੌਰਾਨ ਵੀ ਹੜਤਾਲ ਜਾਰੀ ਰਹੇਗੀ। ਆੜ੍ਹਤੀਆਂ ਨੇ ਵੀ ਗੱਲਾ ਮਜ਼ਦੂਰਾਂ ਦੀ ਹੜਤਾਲ ’ਚ ਸਾਥ ਦਿੱਤਾ।