ਪੱਤਰ ਪ੍ਰੇਰਕ
ਮਾਛੀਵਾੜਾ, 29 ਅਗਸਤ
ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਵਿਖੇ ਚੜ੍ਹਾਵੇ ਨਾਲ ਇਕੱਤਰ ਹੋਏ ਕਰੋੜਾਂ ਰੁਪਏ ਦੇ ਫੰਡਾਂ ’ਚ ਕਥਿਤ ਘੁਟਾਲਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਵਫ਼ਦ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਸ਼ਵਨੀ ਗੋਟਿਆਲ ਨੂੰ ਮਿਲਿਆ। ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਚੜ੍ਹਾਵੇ ਦੇ ਕਰੋੜਾਂ ਰੁਪਏ ਬੈਂਕ ਖਾਤੇ ਵਿਚ ਜਮ੍ਹਾਂ ਸਨ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਸੰਗਤ ਤੋਂ ਇਲਾਵਾ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਗੁਰੂ ਘਰ ਦੇ ਇਕੱਤਰ ਹੋਏ ਕਰੋੜਾਂ ਰੁਪਏ ਵਿਚ ਕੁਝ ਵਿਅਕਤੀਆਂ ਵਲੋਂ ਵੱਡਾ ਘੁਟਾਲਾ ਕੀਤਾ ਗਿਆ ਹੈ ਜਿਸ ਦੀ ਜਾਂਚ ਹੋਣੀ ਜ਼ਰੂਰੀ ਹੈ। ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਇੱਕ ਸਾਂਝੇ ਵਫ਼ਦ ਨੇ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਨਾਲ ਮੁਲਾਕਾਤ ਕਰਰਕੇ ਮਾਮਲੇ ਦੀ ਜਾਂਚ ਮੰਗੀ ਹੈ। ਵਫ਼ਦ ’ਚ ਜਥੇਦਾਰ ਮਨਮੋਹਣ ਸਿੰਘ ਖੇੜਾ, ਬਲਵੀਰ ਸਿੰਘ ਮਾਨ, ਮੋਹਿਤ ਕੁੰਦਰਾ, ਸੁਖਵਿੰਦਰ ਸਿੰਘ ਗਿੱਲ, ਬਾਬਾ ਹਰੀ ਸਿੰਘ, ਹਰਦੀਪ ਸਿੰਘ ਝੱਜ ਤੇ ਜਸਵਿੰਦਰ ਸਿੰਘ ਬੈਨੀਪਾਲ ਆਦਿ ਮੌਜੂਦ ਸਨ।