ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਕਤੂਬਰ
ਉੱਘੇ ਵਾਤਾਵਰਨ ਪ੍ਰੇਮੀ ਜਗਜੀਤ ਸਿੰਘ ਮਾਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਮੰਗਲੀ ਉੱਚੀ ਦੇ ਵਿਦਿਆਰਥੀਆਂ ਨੂੰ ਹਰੀ ਦੀਵਾਲੀ ਮਨਾਉਣ ਦਾ ਸੰਦੇਸ਼ ਦਿੰਦਿਆਂ ਸਟਾਫ ਅਤੇ ਬੱਚਿਆਂ ਨਾਲ ਮਿਲ ਕੇ ਬੂਟੇ ਲਾਏ। ਬੱਚਿਆਂ ਨੇ ਕਾਗਜ਼ੀ ਫੁੱਲਾਂ, ਰੰਗੋਲੀ ਬਣਾ ਕੇ ਸਕੂਲ ਦੀ ਸਜਾਵਟ ਕੀਤੀ। ਕੇਕ ਕੱਟ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਅਧਿਆਪਕ ਰੋਹਿਤ ਅਵਸਥੀ, ਸੰਦੀਪ ਫਾਜ਼ਿਲਕਾ, ਮਨਦੀਪ ਕੌਰ, ਪਰਮਿੰਦਰ ਕੌਰ, ਜਸ਼ਨਪ੍ਰੀਤ ਕੌਰ, ਏਕਤਾ ਸੈਣੀ, ਗੁਰਮੀਤ ਕੌਰ, ਅਕਵਿੰਦਰ ਕੌਰ, ਰਾਜਿੰਦਰ ਕੌਰ ਅਤੇ ਨੀਲਮ ਰਾਣੀ ਹਾਜ਼ਰ ਸਨ।
ਸਮਰਾਲਾ (ਪੱਤਰ ਪ੍ਰੇਰਕ): ਐੱਸਕੇਐੱਸ ਸੀਨੀਅਰ ਸਕੈਡੰਰੀ ਸਕੂਲ ਨੀਲੋਂ ਵਿੱਚ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਹਰੀ ਦੀਵਾਲੀ ਮਨਾਉਂਦਿਆਂ ਹੋਰਨਾਂ ਨੂੰ ਵੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਆ ਗਿਆ। ਸਕੂਲ ਦੇ ਚਾਰ ਹਾਊਸ ਗੰਗਾ, ਯਮੁਨਾ, ਸਤਲੁਜ ਅਤੇ ਬਿਆਸ ਦੇ ਵਿਦਿਆਰਥੀਆਂ ਨੇ ਰੰਗੋਲੀ ਬਣਾਈ। ਵਿਦਿਆਰਥੀਆਂ ਖਾਣਿਆਂ ਦੇ ਸਟਾਲ ਲਗਾਏ ਅਤੇ ਇਨ੍ਹਾਂ ਸਟਾਲਾਂ ਨੂੰ ਮਿੱਟੀ ਦੇ ਦੀਵਿਆਂ ਤੇ ਮੋਮਬੱਤੀਆਂ ਨਾਲ ਸਜਾਇਆ।
ਸਕੂਲ ਪ੍ਰਿੰਸੀਪਲ ਜਸਵੀਰ ਕੌਰ ਮਾਨ ਨੇ ਵਿਦਿਆਰਥੀਆਂ ਨੂੰ ਪਟਾਕਿਆਂ ’ਤੇ ਫ਼ਜੂਲ ਖ਼ਰਚੀ ਕਰਨ ਦੀ ਥਾਂ ਇਨ੍ਹਾਂ ਪੈਸਿਆਂ ਨਾਲ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਸਕੂਲ ਦੇ ਚੇਅਰਮੈਨ ਬਾਬਾ ਮੱਖਣ ਸਿੰਘ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਜੀਤ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਦੀਵਾਲੀ ਮੌਕੇ ਇੱਕ-ਇੱਕ ਬੂਟਾ ਜ਼ਰੂਰ ਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਦੀਵਾਲੀ ਮੌਕੇ ਪ੍ਰਦੂਸ਼ਣ ਮੁਕਤ ਪਟਾਕੇ ਚਲਾਉਣ ਅਤੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ।
ਮਾਛੀਵਾੜਾ (ਪੱਤਰ ਪ੍ਰੇਰਕ): ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਪ੍ਰਿੰਸੀਪਲ ਹਰਜੀਤ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਰੰਗੋਲੀ ਬਣਾਈ ਅਤੇ ਕਮਰਿਆਂ ਦੀ ਸਜਾਵਟ ਵੀ ਕੀਤੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਆ। ਉਨ੍ਹਾਂ ਵਾਤਾਵਰਨ ਵਿੱਚ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ ’ਤੇ ਫਿਕਰ ਜ਼ਾਹਿਰ ਕਰਦਿਆਂ ਵਿਅਕਤੀਆਂ ਨੂੰ ਪਟਾਕੇ ਨਾ ਚਲਾਉਣ ਅਤੇ ਘਰ ਵਿੱਚ ਇੱਕ-ਇੱਕ ਬੂਟਾ ਜ਼ਰੂਰ ਲਗਾਉਣ ਦੀ ਸਲਾਹ ਦਿੱਤੀ।
ਇਸੇ ਦੌਰਾਨ ਇੱਥੋਂ ਦੇ ਗਰੈਂਡ ਐਵੇਨਿਊ ਵਿੱਚ ਲਕਸ਼ਮੀ ਬੁਟੀਕ ਵੱਲੋਂ ਦੀਵਾਲੀ ਮਨਾਈ ਗਈ। ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਜਿਵੇਂ ਤੰਬੋਲਾ, ਚੇਅਰ ਗੇਮ, ਰੈਂਪਵਾਕ, ਸੰਗੀਤ ਆਦਿ ਕਰਵਾਈਆਂ ਗਈਆਂ, ਜਿਸ ਵਿਚ ਔਰਤਾਂ ਨੇ ਇਨਾਮ ਜਿੱਤੇ। ਪ੍ਰਬੰਧਕ ਕੰਚਨ ਮਿੱਤਲ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।