ਪੱਤਰ ਪ੍ਰੇਰਕ
ਮਾਛੀਵਾੜਾ, 6 ਜੂਨ
ਪਿੰਡ ਜਲਾਹ ਮਾਜਰਾ ਵਿੱਚ ਘਰ ਨੇੜੇ ਬੱਸ ਖੜ੍ਹੀ ਕਰਨ ਕਰ ਕੇ ਹੋਏ ਝਗੜੇ ਵਿੱਚ ਇੱਕ ਬਜ਼ੁਰਗ ਦਿਲਬਾਗ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਮਾਛੀਵਾੜਾ ਪੁਲੀਸ ਨੇ 10 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ’ਚ ਬਹਾਦਰ ਸਿੰਘ, ਕੁਲਵੰਤ ਸਿੰਘ, ਅੰਮ੍ਰਿਤ ਸਿੰਘ, ਕੁਲਵਿੰਦਰ ਸਿੰਘ, ਸੁਖਚੈਨ ਸਿੰਘ, ਗਗਨਦੀਪ ਸਿੰਘ ਉਰਫ਼ ਬਿੱਲਾ, ਗੁਰਪ੍ਰੀਤ ਕੌਰ, ਚੰਦਰਜੀਤ ਕੌਰ, ਪਰਮਜੀਤ ਕੌਰ ਤੇ ਮਨਜੀਤ ਕੌਰ ਸ਼ਾਮਲ ਹਨ। ਪਿੰਡ ਵਿੱਚ ਇਹ ਘਟਨਾ 1 ਜੂਨ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਦੋਵੇਂ ਧਿਰਾਂ ਦੇ ਕੁਲਵਿੰਦਰ ਸਿੰਘ ਅਤੇ ਜਸਕਰਨ ਸਿੰਘ ਦੇ ਬਿਆਨ ਦਰਜ ਕਰ ਲਏ ਹਨ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਇਸ ਸਬੰਧੀ ਦੋਵਾਂ ਧਿਰਾਂ ’ਤੇ ਮਾਮਲੇ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।