ਗਗਨਦੀਪ ਅਰੋੜਾ
ਲੁਧਿਆਣਾ, 30 ਅਗਸਤ
ਲੁਹਾਰਾ ਸਥਿਤ ਸੋਮਨ ਹੀਰੋ ਨਗਰ ਇਲਾਕੇ ’ਚ ਮੰਗਲਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਉੱਥੇ ਰਹਿਣ ਵਾਲੇ ਮਹਿੰਦਰ ਨਾਮੀਂ ਇੱਕ ਬਜ਼ੁਰਗ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਲਾਕਾ ਵਾਸੀਆਂ ਨੂੰ ਇਸ ਘਟਨਾ ਬਾਰੇ ਕੁਝ ਪਤਾ ਵੀ ਨਹੀਂ ਲੱਗਿਆ। ਮੰਗਲਵਾਰ ਸਵੇਰੇ ਜਦੋਂ ਬਦਬੂ ਆਈ ਤਾਂ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਇਸਦੀ ਸ਼ਿਕਾਇਤ ਪੁਲੀਸ ਕੋਲ ਕੀਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਅਣਪਛਾਤੇ ਕਾਤਲਾਂ ਵੱਲੋਂ ਮਹਿੰਦਰ ਦਾ ਇੱਟ ਮਾਰ ਕੇ ਕਤਲ ਕੀਤਾ ਗਿਆ ਹੈ। ਇੱਟਾਂ-ਪੱਥਰ ਮਾਰ-ਮਾਰ ਕੇ ਉਸਦੇ ਚਿਹਰੇ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਗਿਆ ਹੈ। ਥਾਣਾ ਸਾਹਨੇਵਾਲ ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇਸ ਮਾਮਲੇ ’ਚ ਪੁਲੀਸ ਨੇ ਅਣਪਛਾਤੇ ਕਾਤਲਾਂ ਖਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਹੈ।
ਇਲਾਕਾ ਵਾਸੀਆਂ ਅਨੁਸਾਰ ਮਹਿੰਦਰ ਕੁਮਾਰ ਕਬਾੜ ਦਾ ਕੰਮ ਕਰਦਾ ਸੀ ਤੇ ਉਸਦੇ ਨਾਲ ਨਾਲ ਬੱਕਰੀਆਂ ਵੀ ਚਾਰਦਾ ਸੀ। ਉਸਦੇ 7 ਬੱਚੇ ਤਿੰਨ ਲੜਕੇ ਤੇ ਚਾਰ ਲੜਕੀਆਂ ਸਨ। ਇਸ ਦੇ ਬਾਵਜੂਦ ਉਹ ਹੀਰੋ ਨਗਰ ਇਲਾਕੇ ’ਚ ਇਕੱਲਾ ਰਹਿੰਦਾ ਸੀ। ਪਿਛਲੇ ਕੁਝ ਦਿਨਾਂ ਤੋਂ ਉਸਦੇ ਘਰ ਦਾ ਦਰਵਾਜ਼ਾ ਬੰਦ ਸੀ ਤੇ ਕੋਈ ਆਇਆ ਗਿਆ ਨਹੀਂ ਸੀ, ਜਿਸ ਕਾਰਨ ਲੋਕਾਂ ਨੇ ਸੋਚਿਆ ਕਿ ਮਹਿੰਦਰ ਕਿਤੇ ਗਿਆ ਹੋਵੇਗਾ, ਪਰ ਜਦੋਂ ਘਰ ’ਚੋਂ ਬਦਬੂ ਆਉਣ ਲੱਗੀ ਤਾਂ ਲੋਕਾਂ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਅੰਦਰ ਦੇਖਿਆ ਤਾਂ ਮਹਿੰਦਰ ਦੀ ਲਾਸ਼ ਪਈ ਸੀ। ਲਾਸ਼ ਦੀ ਹਾਲਤ ਕਾਫ਼ੀ ਖਰਾਬ ਹੋ ਚੁੱਕੀ ਸੀ।
ਘਟਨਾ ਸਥਾਨ ’ਤੇ ਲਾਸ਼ ਕੋੋਲੋਂ ਇੱਟਾਂ ਪੱਥਰ ਮਿਲੇ ਹਨ, ਜਿਸ ਕਾਰਨ ਸ਼ੱਕ ਹੈ ਕਿ ਮਹਿੰਦਰ ਦਾ ਮੂੰਹ ਕੱਪੜੇ ਨਾਲ ਬੰਨ੍ਹ ਕੇ ਉਸ ’ਤੇ ਹਮਲਾ ਕੀਤਾ ਗਿਆ ਹੈ। ਥਾਣਾ ਸਾਹਨੇਵਾਲ ਦੇ ਐੱਸਐੱਚਓ ਨੇ ਕਿਹਾ ਕਿ ਕਤਲ ਦਾ ਮਾਮਲਾ ਹੈ ਤੇ ਅਣਪਛਾਤੇ ਕਾਤਲਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।