ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਸਤੰਬਰ
ਸਦਰ ਥਾਣਾ ਇਲਾਕੇ ਦੀ ਗੁਰੂ ਨਾਨਕ ਕਲੋਨੀ ਦੇ ਵਸਨੀਕ ਇੰਦਰਜੀਤ ਸਿੰਘ (65) ਨੇ ਲੰਬੀ ਬਿਮਾਰੀ ਤੋਂ ਤੰਗ ਆ ਕੇ ਤਿੰਨ ਦਿਨ ਪਹਿਲਾਂ ਆਪਣੇ ਲਾਇਸੰਸੀ ਹਥਿਆਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਪਿਛਲੇ ਦੋ ਸਾਲਾਂ ਤੋਂ ਬਿਮਾਰ ਸੀ ਤੇ ਕਾਫ਼ੀ ਸਮੇਂ ਤੋਂ ਉਸ ਨੂੰ ਆਕਸੀਜਨ ਲੱਗੀ ਹੋਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਇੰਦਰਜੀਤ ਸਿੰਘ ਨੂੰ ਉਹ ਬਹੁਤਾ ਸਮਾਂ ਇਕੱਲਿਆਂ ਨਹੀਂ ਸੀ ਛੱਡਦੇ, ਪਰ ਘਟਨਾ ਵਾਲੀ ਰਾਤ ਕੁਝ ਸਮੇਂ ਲਈ ਉਹ ਇਕੱਠੇ ਸਨ, ਜਦੋਂ ਉਨ੍ਹਾਂ ਖ਼ੁਦ ਨੂੰ ਗੋਲੀ ਮਾਰ ਲਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਅੰਦਰ ਕਮਰੇ ਵਿਚ ਗਏ ਤਾਂ ਅੰਦਰ ਇੰਦਰਜੀਤ ਸਿੰਘ ਲਹੂ-ਲੁਹਾਨ ਹਾਲਤ ਵਿੱਚ ਸੀ, ਜਿਸ ਨੂੰ ਤੁਰੰਤ ਇਲਾਜ ਲਈ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਪਰ ਕੁਝ ਪਲਾਂ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ ਸੀ। ਮ੍ਰਿਤਕ ਦੇ ਦੋਵੇਂ ਪੁੱਤਰ ਵਿਦੇਸ਼ ’ਚ ਰਹਿੰਦੇ ਹਨ, ਜਿਨ੍ਹਾਂ ਦੇ ਆਉਣ ਮਗਰੋਂ ਪੁਲੀਸ ਨੇ ਬੁੱਧਵਾਰ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕੀਤੀ।
ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਸਮੇਂ ਤੋਂ ਇੰਦਰਜੀਤ ਸਿੰਘ ਨੇ ਖਾਣਾ-ਪੀਣਾ ਵੀ ਛੱਡ ਦਿੱਤਾ ਸੀ ਤੇ ਉਹ ਆਪਣੀ ਬੀਮਾਰੀ ਤੋਂ ਕਾਫੀ ਪ੍ਰੇਸ਼ਾਨ ਸੀ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਹਵਾਲੇ ਕਰ ਦਿੱਤੀ ਹੈ।