ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 8 ਮਾਰਚ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪੇਸ਼ ਕੀਤੇ ਬਜਟ ਨੂੰ ਆਮ ਲੋਕਾਂ ਅਤੇ ਮੁਲਾਜ਼ਮ ਵਿਰੋਧੀ ਕਰਾਰ ਦਿੱਤਾ ਹੈ। ਸਰਕਾਰ ਖ਼ਿਲਾਫ਼ ਗੁੱਸੇ ਦਾ ਇਜ਼ਹਾਰ ਕਰਦਿਆਂ ਜਥੇਬੰਦੀ ਆਗੂ ਮਨਜੀਤ ਕੌਰ ਨੇ ਆਖਿਆ ਕਿ ਪਿਛਲੇ ਬਜਟਾਂ ਦੀ ਤਰ੍ਹਾਂ ਇਸ ਵਾਰ ਵੀ ਸੂਬਾ ਸਰਕਾਰ ਨੇ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਦੇ ਮਾਣ-ਭੱਤੇ ’ਚ ਕੋਈ ਵਾਧਾ ਨਾ ਕਰਕੇ ਇਸ ਵਰਗ ਨਾਲ ਧੱਕਾ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੂਬਾ ਸਰਕਾਰ ਨੇ ਆਪ ਤਾਂ ਸਾਨੂੰ ਕੀ ਦੇਣਾ ਸੀ, ਉਲਟਾ ਅਕਤੂਬਰ 2018 ’ਚ ਜੋ ਤੁੱਛ ਭੱਤੇ ਕੇਂਦਰ ਸਰਕਾਰ ਨੇ ਵਧਾਏ ਸਨ ਉਹ ਵੀ ਨੱਪ ਲਏ ਲਏ ਹਨ। ਉਨ੍ਹਾਂ ਦੱਸਿਆ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਸਾਡੇ ਸੂਬਾ ਪੱਧਰੀ ਆਗੂਆਂ ਨਾਲ ਅਰੁਣਾ ਚੌਧਰੀ ਨੇ ਭਰੋਸਾ ਦਿੱਤਾ ਸੀ ਕਿ ਪੇਸ਼ ਹੋਣ ਵਾਲੇ ਬਜਟ ’ਚ ਮਾਣ ਭੱਤਾ ਵਧਾਇਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਸਰਕਾਰ ਦੀ ਤਰਜ਼ ’ਤੇ ਮਾਣ ਭੱਤਾ ਵਧਾਇਆ ਜਾਵੇ। ਜੇਕਰ ਸਰਕਾਰ ਸਾਨੂੰ ਇਸੇ ਤਰ੍ਹਾਂ ਲਾਰਿਆਂ ’ਚ ਰੱਖੇਗੀ ਤਾਂ ਅਸੀਂ ਸੂਬਾ ਪੱਧਰੀ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਵਾਂਗੇ, ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।